ਹਰਿਆਣਾ ਦੀ ਨਵੀਂ ਸਰਕਾਰ ਅੱਜ ਲਵੇਗੀ ਹਲਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੱਟੜ ਨੇ ਨੇਤਾ ਚੁਣੇ ਜਾਣ ਤੋਂ ਬਾਅਦ ਰਾਜਪਾਲ ਕੋਲ ਕੀਤਾ ਬਹੁਮਤ ਦਾ ਦਾਅਵਾ

Haryana's new government to take oath today

ਵੱਡੇ ਬਾਦਲ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਅਤੇ ਜੇ.ਜੇ.ਪੀ. ਦਾ ਮਿਲਾਇਆ ਹੱਥ
 ਦੁਸ਼ਯੰਤ ਦੇ ਪਿਤਾ ਅਜੈ ਚੌਟਾਲਾ ਜੇਲ ਵਿਚੋਂ ਆ ਰਹੇ ਹਨ ਸਮਾਗਮ ਵਿਚ ਸ਼ਿਰਕਤ ਕਰਨ

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਦੀ ਗਠਜੋੜ ਸਰਕਾਰ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਹਲਫ਼ ਲਵੇਗੀ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਗਠਜੋੜ ਦੇ ਵਿਧਾਇਕਾਂ ਨੇ ਅਪਣਾ ਨੇਤਾ ਚੁਣ ਲਿਆ ਹੈ। ਇਸ ਤੋਂ ਬਾਅਦ ਉਹ ਰਾਜਪਾਲ ਕੋਲ ਸਰਕਾਰ ਦੇ ਗਠਨ ਲਈ ਦਾਅਵਾ ਪੇਸ਼ ਕਰਨ ਚਲੇ ਗਏ ਸਨ। ਰਾਜਪਾਲ ਨੇ ਭਲਕੇ ਦੀਵਾਲੀ ਵਾਲੇ ਦਿਨ ਸਹੁੰ ਚੁਕ ਸਮਾਗਮ ਨੂੰ ਹਰੀ ਝੰਡੀ ਦੇ ਦਿਤੀ ਹੈ।

ਸਹੁੰ ਚੁਕ ਸਮਾਗਮ ਵਿਚ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਅਤੇ ਜੇ.ਜੇ.ਪੀ. ਦੇ ਪ੍ਰਧਾਨ ਅਤੇ ਵਿਧਾਇਕ ਦੁਸ਼ਯੰੰਤ ਚੌਟਾਲਾ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਦੂਜੇ ਮੰਤਰੀਆਂ ਨੂੰ ਵੀ ਨਾਲ ਹੀ ਸਹੁੰ ਚੁਕਾਈ ਜਾਵੇਗੀ ਪਰ ਹਾਲੇ ਤਕ ਝੰਡੀ ਵਾਲੀ ਕਾਰ ਲੈਣ ਲਈ ਚੁਣੇ ਜਾਣ ਬਾਰੇ ਨਾਵਾਂ 'ਤੇ ਪੱਕੀ ਮੋਹਰ ਨਹੀਂ ਲੱਗ ਸਕੀ ਹੈ। ਸਹੁੰ ਚੁਕ ਸਮਾਗਮ ਦੁਪਹਿਰ 1.30 ਵਜੇ ਰਖਿਆ ਗਿਆ ਹੈ। ਇਸ ਤਰ੍ਹਾਂ ਖੱਟੜ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ।

ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਚੰਡੀਗੜ੍ਹ ਦੇ ਯੂ.ਟੀ. ਗੈਸਟ ਵਿਚ ਹੋਈ ਮੀਟਿੰਗ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਮੌਜੂਦ ਰਹੇ। ਬੀਤੀ ਰਾਤ ਦੋਹਾਂ ਪਾਰਟੀਆਂ ਦਾ ਗਠਜੋੜ ਪੱਕਾ ਹੋਣ ਤਕ ਸਾਰੀਆਂ ਸਰਗਰਮੀਆਂ ਦਿੱਲੀ ਵਿਚ ਹੀ ਚਲਦੀਆਂ ਰਹੀਆਂ। ਜੇ.ਜੇ.ਪੀ. ਦਾ ਇਤਿਹਾਸ ਇਕ ਸਾਲ ਤੋਂ ਵੀ ਘੱਟ ਹੈ ਅਤੇ ਇਨ੍ਹਾਂ ਚੋਣਾਂ ਵਿਚ ਇਸ ਦੀ ਕਾਰਗੁਜ਼ਾਰੀ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਜੇ.ਜੇ.ਪੀ. ਦੇ ਦੋ ਵਿਧਾਇਕ ਮੰਤਰੀ ਬਣਨ ਜਾ ਰਹੇ ਹਨ।

ਭਾਜਪਾ ਅਤੇ ਜੇ.ਜੇ.ਪੀ. ਦੇ ਗਠਜੋੜ 'ਚ ਅਨੁਰਾਗ ਠਾਕੁਰ ਤੇ ਬਾਦਲ ਦੀ ਅਹਿਮ ਭੁਮਿਕਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਫਿਰ ਅਪਣੇ ਮਿੱਤਰ ਚੌਟਾਲਾ ਪਰਵਾਰ ਅਤੇ ਭਾਈਵਾਲ ਪਾਰਟੀ ਭਾਜਪਾ ਨਾਲ ਯਾਰੀ ਨਿਭਾਅ ਗਏ ਹਨ। ਪਤਾ ਲੱਗਾ ਹੈ ਕਿ ਭਾਜਪਾ ਅਤੇ ਜੇ.ਜੇ.ਪੀ. ਦਾ ਗਠਜੋੜ ਕਰਵਾਉਣ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਬਾਦਲ ਨੇ ਸਾਂਝੇ ਤੌਰ 'ਤੇ ਅਹਿਮ ਭੂਮਿਕਾ ਨਿਭਾਈ ਹੈ। ਉਂਜ ਕੇਂਦਰੀ ਮੰਤਰੀ ਠਾਕੁਰ, ਦੁਸ਼ਯੰੰਤ ਚੌਟਾਲਾ ਦੇ ਦਿੱਲੀ ਵਿਚ ਗੁਆਂਢੀ ਅਤੇ ਨੇੜਲੇ ਦੋਸਤ ਦਸੇ ਜਾਂਦੇ ਹਨ।

ਜੇਲ ਵਿਚੋਂ ਸਹੁੰ ਚੁਕ ਸਮਾਗਮ ਵਿਚ ਹਿੱਸਾ ਲੈਣ ਆ ਰਹੇ ਅਜੇ ਚੌਟਾਲਾ
ਜੇ.ਜੇ.ਪੀ. ਦੇ ਪ੍ਰਧਾਨ ਅਤੇ ਸੰਭਾਵਤ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ ਜੇਲ ਵਿਚ ਬੰਦ ਹਨ। ਸੂਤਰਾਂ ਮੁਤਾਬਕ ਉਹ ਜੇਲ ਵਿਚੋਂ ਸਹੁੰ ਚੁਕ ਸਮਾਗਮ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਆ ਰਹੇ ਹਨ। ਅਧਿਆਪਕ ਭਰਤੀ ਕੇਸ ਵਿਚ ਦੁਸ਼ਯੰਤ ਦੇ ਪਿਤਾ ਅਤੇ ਦਾਦਾ ਓਮ ਪ੍ਰਕਾਸ਼ ਚੌਟਾਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ ਵਿਚ ਸਜ਼ਾ ਕੱਟ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਅਤੇ ਜੇ.ਜੇ.ਪੀ. ਨੂੰ ਮੁਬਾਰਕਬਾਦ ਦਿਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ।