ਹਰਿਆਣਾ 'ਚ ਬਣੀ BJP-JJP ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੋਹਰ ਲਾਲ ਖੱਟਰ ਮੁੱਖ ਮੰਤਰੀ ਅਤੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੋਣਗੇ

BJP-JJP government formed in Haryana

ਨਵੀਂ ਦਿੱਲੀ : ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀ ਸਰਕਾਰ ਬਣ ਗਈ ਹੈ। ਦਿੱਲੀ 'ਚ ਇਕ ਘੰਟੇ ਹੋਈ ਮੀਟਿੰਗ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਨੇ ਮਿਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮਨੋਹਰ ਲਾਲ ਖੱਟਰ ਮੁੱਖ ਮੰਤਰੀ ਅਤੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੋਣਗੇ। ਕਈ ਆਜ਼ਾਦ ਵਿਧਾਇਕਾਂ ਨੇ ਵੀ ਸਮਰਥਨ ਦਿੱਤਾ ਹੈ। ਖੱਟਰ ਨੇ ਕਿਹਾ ਕਿ ਉਹ ਸਨਿਚਰਵਾਰ ਨੂੰ ਸਰਕਾਰ ਦੇ ਗਠਨ ਬਾਰੇ ਰਾਜਪਾਲ ਨਾਲ ਮੁਲਾਕਾਤ ਕਰਨਗੇ।

ਇਸ ਤੋਂ ਪਹਿਲਾਂ ਹਰਿਆਣਾ 'ਚ ਸਰਕਾਰ ਗਠਨ ਲਈ ਸ਼ੁਕਰਵਾਰ ਦੇਰ ਸ਼ਾਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਹਿਮਦਾਬਾਦ ਦੌਰਾ ਵਿਚਕਾਰ ਛੱਡ ਕੇ ਦਿੱਲੀ ਪੁੱਜੇ। ਸ਼ਾਹ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਜੇਜੇਪੀ ਮੁਖੀ ਦੁਸ਼ਯੰਤ ਚੌਟਾਲਾ ਵਿਚਕਾਰ ਮੀਟਿੰਗ ਹੋਈ। ਸਮਰਥਨ ਮਗਰੋਂ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ 'ਚ ਸਥਿਰ ਸਰਕਾਰ ਬਣਾਉਣ ਲਈ ਦੋਵੇਂ ਪਾਰਟੀਆਂ ਵਿਚਕਾਰ ਗਠਜੋੜ ਜ਼ਰੂਰੀ ਸੀ।

ਜ਼ਿਕਰਯੋਗ ਹੈ ਕਿ ਭਾਜਪਾ ਦੇ 90 ਮੈਂਬਰੀ ਵਿਧਾਨ ਸਭਾ ਵਿਚ 40 ਵਿਧਾਇਕ ਹਨ ਅਤੇ ਜੇਜੇਪੀ ਦੇ 10 ਵਿਧਾਇਕ ਹੈ। ਉਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਕਰ ਕੇ ਸਰਕਾਰ ਬਣਾ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿਚ ਹੋਈ ਸੀਨੀਅਰ ਆਗੂਆਂ ਦੇ ਵਿਸ਼ੇਸ਼ ਗਰੁਪ ਦੀ ਬੈਠਕ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਚੋਣਾਂ ਮਗਰੋਂ ਭਾਜਪਾ ਦਾ ਚਿਹਰਾ ਉਜਾਗਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਹਿਤਾਂ ਦੀ ਹਿਤਾਂ ਦੀ ਬਲੀ ਲੈ ਰਹੀ ਹੈ।