ਛੇ ਦਸੰਬਰ ਤੋਂ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ : ਸਾਕਸ਼ੀ ਮਹਾਰਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਸਥਾਨਕ ਸੰਸਕ ਮੈਂਬਰ ਸਾਕਸ਼ੀ ਮਹਾਰਾਜ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੀ ਛੇ ਦਸੰਬਰ ਤੋਂ ਪਹਿਲਾਂ ਅਯੋਧਿਆ 'ਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ।

Sakshi Maharaj

ਊਨਾਵ (ਯੂ.ਪੀ.) : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਥਾਨਕ ਸੰਸਕ ਮੈਂਬਰ ਸਾਕਸ਼ੀ ਮਹਾਰਾਜ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੀ ਛੇ ਦਸੰਬਰ ਤੋਂ ਪਹਿਲਾਂ ਅਯੋਧਿਆ 'ਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਸਾਕਸ਼ੀ ਨੇ ਕਿਹਾ, ''ਸੁਪਰੀਮ ਕੋਰਟ ਨੂੰ ਧਨਵਾਦ ਦਿੰਦਾ ਹਾਂ। ਇਹ 150 ਸਾਲ ਦਾ ਮਾਮਲਾ ਸੀ। ਅਦਾਲਤ ਨੇ ਉਸ ਨੂੰ 40 ਦਿਨ ਲਗਾਤਾਰ ਸੁਣਵਾਈ ਕਰ ਕੇ ਦੋਹਾਂ ਧਿਰਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਫਿਰ ਚਾਰ ਹਫ਼ਤਿਆਂ 'ਚ ਫ਼ੈਸਲਾ ਦੇਣ ਲਈ ਉਸ ਨੂੰ ਸੁਰੱਖਿਅਤ ਕਰ ਲਿਆ ਹੈ।''

ਵਿਕਾਸ ਭਵਨ 'ਚ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਜਿਸ ਤਰ੍ਹਾਂ ਪੁਰਾਤੱਤਵ ਵਿਭਾਗ ਨੇ ਅਪਣੇ ਤੱਥ ਪੇਸ਼ ਕੀਤੇ ਹਨ, ਸ਼ਿਆ ਵਕਫ਼ ਬੋਰਡ ਨੇ ਲਿਖ ਕੇ ਦਿਤਾ ਹੈ ਕਿ ਉਥੇ ਮੰਦਰ ਬਣਨਾ ਚਾਹੀਦਾ ਹੈ, ਇਸੇ ਤਰ੍ਹਾਂ ਸੁੰਨੀ ਵਕਫ਼ ਬੋਰਡ ਨੇ ਵੀ ਮੰਦਰ ਦੇ ਹੱਕ 'ਚ ਚਲਦਿਆਂ ਚਲਦਿਆਂ ਕਹਿ ਦਿਤਾ ਹੈ।'' ਸਾਕਸ਼ੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਬਹੁਤ ਛੇਤੀ ਰਾਮ ਮੰਦਰ ਦੇ ਹੱਕ 'ਚ ਸੁਪਰੀਮ ਕੋਰਟ ਦਾ ਫ਼ੈਸਲਾ ਆਵੇਗਾ ਅਤੇ ਆਉਣ ਵਾਲੀ ਛੇ ਦਸੰਬਰ ਤੋਂ ਪਹਿਲਾਂ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ।''

ਜਦੋਂ ਸਾਕਸ਼ੀ ਮਹਾਰਾਜ ਤੋਂ ਪੱਤਰਕਾਰਾਂ ਨੇ ਪੁਛਿਆ ਕਿ ਜੇ ਰਾਮ ਮੰਦਰ ਦੇ ਹੱਕ 'ਚ ਅਦਾਲਤ ਤੋਂ ਫ਼ੈਸਲਾ ਨਾ ਆਇਆ ਤਾਂ ਕੀ ਰਣਨੀਤੀ ਰਹੇਗੀ? ਇਸ 'ਤੇ ਸਾਕਸ਼ੀ ਨੇ ਕਿਹਾ, ''ਮੈਂ ਸਾਕਸ਼ੀ ਹਾਂ, ਅਗਰ ਤਗਰ ਮਗਰ ਦੀ ਕੋਈ ਥਾਂ ਨਹੀਂ ਹੈ। ਕੀ ਫ਼ੈਸਲਾ ਆਉਣ ਵਾਲਾ ਹੈ ਮੈਨੂੰ ਜਾਣਕਾਰੀ ਹੈ। ਇਸੇ ਲਈ ਮੈਂ ਕਹਿ ਰਿਹਾ ਹਾਂ ਕਿ ਛੇ ਦਸੰਬਰ ਤੋਂ ਪਹਿਲਾਂ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।''