ਭਾਜਪਾ ਦੇ ਰਾਜ 'ਚ 'ਕਾਲੀ ਦੀਵਾਲੀ' ਮਨਾਉਣ ਲਈ ਕਿਸਾਨ ਮਜਬੂਰ : ਸੋਨੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਦੇ ਢਿੱਡ 'ਤੇ ਲੱਤ ਮਾਰ ਕੇ ਅਪਣੇ ਮਿੱਤਰਾਂ ਦੀ ਜੇਬ ਭਰ ਰਹੀ ਹੈ ਭਾਜਪਾ : ਪ੍ਰਿਅੰਕਾ

Sonia Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀ ਸਹੀ ਕੀਮਤ ਨਾ ਮਿਲਣ ਦਾ ਸਨਿਚਰਵਾਰ ਨੂੰ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ)  ਸਰਕਾਰ ਦੀਆਂ ਨੀਤੀਆਂ ਕਰ ਕੇ ਦੇਸ਼ ਦੇ ਕਿਸਾਨ ਅੱਜ 'ਕਾਲੀ ਦੀਵਾਲੀ' ਮਨਾਉਣ ਲਈ ਮਜਬੂਰ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ 'ਅਸਲੀ ਰਾਜਧਰਮ' ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਜਾਇਜ਼ ਮੁੱਲ ਮਿਲੇ। ਸੋਨੀਆ ਨੇ ਇਕ ਬਿਆਨ 'ਚ ਕਿਹਾ, ''ਭਾਜਪਾ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਧੋਖੇ ਦੀ ਬੁਨਿਆਦ ਰੱਖ ਦਿਤੀ ਸੀ। ਉਸ ਨੇ ਕਿਸਾਨਾਂ ਨੂੰ ਲਾਗਤ ਦੇ ਨਾਲ 50 ਫ਼ੀ ਸਦੀ ਦਾ ਮੁਨਾਫ਼ਾ ਸਮਰਥਨ ਮੁੱਲ ਵਜੋਂ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਲ ਦਰ ਸਾਲ ਭਾਜਪਾ ਸਰਕਾਰ ਕੁੱਝ ਕੁ ਵਿਚੋਲਿਆਂ ਅਤੇ ਜਮ੍ਹਾਂਖੋਰਾਂ ਨੂੰ ਫ਼ਾਇਦਾ ਪਹੁੰਚਾਉਂਦੀ ਰਹੀ ਅਤੇ ਅੰਨਦਾਤਾ ਕਿਸਾਨਾਂ ਤੋਂ ਲੱਖਾਂ ਕਰੋੜ ਲੁੱਟਦੀ ਰਹੀ।''

ਉਨ੍ਹਾਂ ਕਿਹਾ, ''ਸਵਾਲ ਇਹ ਹੈ ਕਿ ਦੀਵਾਲੀ ਦੇ ਤਿਉਹਾਰ ਵਾਲੇ ਦਿਨ ਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕਿਉਂ ਹੈ? ਦੇਸ਼ ਦੀਆਂ ਵੱਖੋ-ਵੱਖ ਮੰਡੀਆਂ ਤੋਂ ਖਰੀਫ਼ ਫ਼ਸਲਾਂ ਸਮਰਥਨ ਮੁੱਲ ਤੋਂ ਅੱਠ ਫ਼ੀ ਸਦੀ ਤੋਂ ਲੈ ਕੇ 37 ਫ਼ੀ ਸਦੀ ਤਕ ਘੱਟ ਕੀਮਤ 'ਤੇ ਵਿਕ ਰਹੀਆਂ ਹਨ। ਯਾਨੀ ਕਿ ਖਰੀਫ਼ ਫ਼ਸਲਾਂ ਦੀ ਵਿਕਰੀ ਦੀ ਦਰ ਸਮਰਥਨ ਮੁੱਲ ਤੋਂ ਔਸਤਨ 22.5 ਫ਼ੀ ਸਦੀ ਘੱਟ ਹੈ।'' ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਸਹੀ ਮੁੱਲ ਨਹੀਂ ਮਿਲ ਰਹੇ ਅਤੇ ਖੇਤੀ ਦੇ ਉਤਪਾਦਾਂ ਦਾ ਨਿਰਯਾਤ ਘਟ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ।

ਦੂਜੇ ਪਾਸੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਗੰਨਾ ਕਿਸਾਨਾਂ ਦੇ ਬਕਾਏ ਸਬੰਧੀ ਭਾਜਪਾ ਸਰਕਾਰ ਨੂੰ ਨਿਸ਼ਾਨਾਂ ਬਣਾਉਂਦਿਆਂ ਦੋਸ਼ ਲਗਾਇਆ ਕਿ ਇਹ ਸਰਕਾਰ 'ਕਿਸਾਨਾਂ ਦੇ ਢਿੱਡ 'ਤੇ ਲੱਤ ਮਾਰ ਕੇ ਅਪਣੇ ਮਿੱਤਰਾਂ ਦੀਆਂ ਜੇਬਾਂ ਭਰ ਰਹੀ ਹੈ।''  ਉਨ੍ਹਾ ਟਵੀਟ ਕਰ ਕੇ ਦਾਅਵਾ ਕੀਤਾ, ''ਸੰਸਦ ਤੋਂ ਇੰਡੀਆ ਗੇਟ ਤਕ ਦਿੱਲੀ ਦੇ ਸਭ ਤੋਂ ਮਸ਼ਹੂਰ, ਖ਼ੂਬਸੂਰਤ, ਇਤਿਹਾਸਕ ਸਥਾਨ ਨੂੰ 'ਸੁੰਦਰ' ਬਣਾਉਣ ਦਾ ਇਕ ਗੁਜਰਾਤੀ ਕੰਪਨੀ ਨੂੰ ਠੇਕਾ ਦਿਤਾ ਗਿਆ ਅਤੇ ਸਰਕਾਰ ਦਾ ਅਨੁਮਾਨਤ ਖ਼ਰਚਾ 2,450 ਕਰੋੜ ਰੁਪਏ ਹੈ।''

ਪ੍ਰਿਅੰਕਾ ਨੇ ਕਿਹਾ, ''ਉੱਤਰ ਪ੍ਰਦੇਸ਼ ਦੇ ਗੰਨਾ ਉਤਪਾਦਕਾਂ ਦਾ ਬਕਾਇਆ 7,000 ਕਰੋੜ ਰੁਪਏ ਹੈ। ਭਾਜਪਾ ਸਰਕਾਰ ਹੋਸ਼ ਗਵਾ ਰਹੀ ਹੈ।'' ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਇਆ, ''ਕਿਸਾਨ ਦੇ ਢਿੱਡ 'ਤੇ ਲੱਤ ਮਾਰ ਕੇ ਅਪਣੇ ਮਿੱਤਰਾਂ ਦੀਆਂ ਜੇਬਾਂ ਭਰ ਰਹੀ ਹੈ। ਜਿਸ ਦਿਨ ਦੇਸ਼ ਦਾ ਕਿਸਾਨ ਜਾਗੇਗਾ, ਉਸ ਦਿਨ ਤੋਂ ਸਾਵਧਾਨ.. ਉਹ ਦਿਨ ਆਵੇਗਾ।''