ਪਹਿਲਾਂ ਸੀ ਅਤਿਵਾਦੀ, ਫਿਰ ਫ਼ੌਜ 'ਚ ਭਰਤੀ ਹੋ ਕੇ ਵਾਰ ਦਿਤੀ ਦੇਸ਼ ਲਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਨੀ ਪਹਿਲਾਂ ਅਤਿਵਾਦ ਦੀ ਰਾਹ 'ਤੇ ਸੀ, ਪਰ ਬਾਅਦ ਵਿਚ ਉਹ ਫ਼ੋਜ ਵਿਚ ਸ਼ਾਮਿਲ ਹੋ ਗਏ ਤੇ ਅਤਿਵਾਦ ਦੀ ਰਾਹ ਛੱਡ ਕੇ ਅਪਣੇ ਆਪ ਨੂੰ ਦੇਸ਼ ਲਈ ਸਮਰਪਿਤ ਕਰ ਦਿਤਾ।

Lance Naik Nazir Ahmad Wani

ਜੰਮੂ-ਕਸ਼ਮੀਰ,  ( ਪੀਟੀਆਈ ) : ਬੀਤੇ ਦਿਨ ਸ਼ੋਪੀਆਂ ਜਿਲ੍ਹੇ ਵਿਖੇ ਕਰਪਾਨ ਇਲਾਕੇ ਦੇ ਹਿਪੁਰਾ ਬਾਟਾਗੁੰਡ ਪਿੰਡ ਵਿਚ ਮੁਠਭੇੜ ਦੌਰਾਨ 6 ਅਤਿਵਾਦੀ ਮਾਰੇ ਗਏ। ਇਸ ਵਿਚ ਫ਼ੋਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਇਹ ਸ਼ਹੀਦ ਕੁਲਗਾਮ ਦਾ ਹੀ ਰਹਿਣ ਵਾਲਾ ਸੀ। ਬਹੁਤ ਸਾਲ ਪਹਿਲਾਂ ਇਹ ਜਵਾਨ ਅਤਿਵਾਦ ਦੀ ਰਾਹ 'ਤੇ ਸੀ, ਪਰ ਉਸ ਨੇ ਆਤਮ ਸਮਰਪਣ ਕਰ ਦਿਤਾ ਸੀ। ਇਸ ਤੋਂ ਬਾਅਦ ਉਹ ਟੈਰੀਟੋਰੀਅਲ ਫ਼ੋਜ ਵਿਚ ਭਰਤੀ ਹੋ ਗਿਆ ਸੀ। ਅਜ ਹਰ ਕਿਸੇ ਨੂੰ ਉਸ 'ਤੇ ਮਾਣ ਹੈ।

ਫ਼ੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹੀਦ ਨਜ਼ੀਰ ਅਹਿਮਦ ਵਾਨੀ ਦੇ ਬਲਿਦਾਨ ਨੂੰ ਬੇਕਾਰ ਨਹੀਂ ਜਾਣ ਦਿਤਾ ਜਾਵੇਗਾ। ਸ਼ਹੀਦ ਨਜ਼ੀਰ ਅਹਿਮਦ ਵਾਨੀ ਕੁਲਗਾਮ ਦੇ ਚੱਕ ਅਸ਼ਮੁਜੀ ਪਿੰਡ ਦੇ ਰਹਿਣ ਵਾਲੇ ਸਨ। ਫ਼ੌਜ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਦੌਰਾਨ ਉਹ ਸ਼ਹੀਦ ਹੋ ਗਏ ਸਨ। ਸ਼ਹੀਦ ਫੌਜੀ ਦੀ ਲਾਸ਼ ਨੂੰ ਤਿੰਰਗੇ ਵਿਚ ਲਪੇਟ ਕੇ ਕੁਲਗਾਮ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਚੱਕ ਅਸ਼ਮੁਜੀ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ ਗਿਆ।

ਜਿੱਥੇ ਪਿੰਡ ਵਾਸੀਆਂ ਵੱਲੋਂ ਗ਼ਮਗੀਨ ਮਾਹੌਲ ਵਿਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰ ਦਿਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਾਨੀ ਸ਼ੁਰੂਆਤ ਵਿਚ ਅਤਿਵਾਦ ਦੀ ਰਾਹ 'ਤੇ ਸੀ, ਪਰ ਹਿੰਸਾ ਪ੍ਰਤੀ ਮਾਨਸਿਕਤਾ ਬਦਲ ਜਾਣ ਤੋਂ ਬਾਅਦ ਉਹ ਫ਼ੋਜ ਵਿਚ ਸ਼ਾਮਿਲ ਹੋ ਗਏ ਤੇ ਅਤਿਵਾਦ ਦੀ ਰਾਹ ਛੱਡ ਕੇ ਅਪਣੇ ਆਪ ਨੂੰ ਦੇਸ਼ ਲਈ ਸਮਰਪਿਤ ਕਰ ਦਿਤਾ।

ਲਾਂਸ ਨਾਇਕ ਵਾਨੀ ਫੋਜ ਦੇ ਇਕ ਬਿਹਤਰੀਨ ਸਿਪਾਹੀ ਸਨ ਅਤੇ ਸਾਲ 2007 ਵਿਚ ਉਨ੍ਹਾਂ ਦੀ ਬਹਾਦੁਰੀ ਲਈ ਉਨ੍ਹਾਂ ਨੂੰ ਮੈਡਲ ਦਿਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਵਾਰ ਅਗਸਤ 2017 ਅਤੇ 2018 ਵਿਚ ਫ਼ੋਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਵਾਨੀ ਦੇ ਘਰ ਵਿਚ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਸਾਲ 2004 ਵਿਚ ਟੈਰੀਟੋਰੀਅਲ ਫ਼ੋਜ ਤੋਂ ਕੀਤੀ ਸੀ। ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰਨ ਵੇਲੇ 21 ਤੋਪਾਂ ਦੀ ਸਲਾਮੀ ਦਿਤੀ ਗਈ।