ਸ਼ਿਵ ਸੈਨਾ-ਐਨ.ਸੀ.ਪੀ.-ਕਾਂਗਰਸ ਨੇ ਮੁੱਖ ਮੰਤਰੀ ਉਮੀਦਵਾਰ ਲਈ ਊਧਵ ਠਾਕਰੇ ਦੇ ਨਾਂ 'ਤੇ ਮੋਹਰ ਲਾਈ
ਫ਼ੜਨਵੀਸ ਅਤੇ ਅਜੀਤ ਪਵਾਰ ਦੇ ਅਸਤੀਫ਼ਿਆਂ ਮਗਰੋਂ, ਊਧਵ ਠਾਕਰੇ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ
ਮੁੰਬਈ : ਸ਼ਿਵ ਸੈਨਾ-ਐਨ.ਸੀ.ਪੀ.-ਕਾਂਗਰਸ ਗਠਜੋੜ ਨੇ ਮੰਗਲਵਾਰ ਸ਼ਾਮ ਨੂੰ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਲਈ ਅਪਣੇ ਉਮੀਦਵਾਰ ਵਜੋਂ ਚੁਣ ਲਿਆ। ਊਧਵ ਠਾਕਰੇ ਨੇ ਅੱਜ ਦੇਰ ਰਾਤ ਨੂੰ ਹੀ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿਤਾ ਹੈ। ਐਨ.ਸੀ.ਪੀ. ਆਗੂ ਨਵਾਬ ਮਲਿਕ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ 1 ਦਸੰਬਰ ਨੂੰ ਹੋਵੇਗਾ।
ਠਾਕਰੇ ਸੂਬੇ ਦੇ ਸਿਖਰਲੇ ਸਿਆਸੀ ਅਹੁਦੇ ਤਕ ਪੁੱਜਣ ਵਾਲੇ ਅਪਣੇ ਪ੍ਰਵਾਰ ਦੇ ਪਹਿਲੇ ਮੈਂਬਰ ਹੋਣਗੇ। ਇਹ ਫ਼ੈਸਲਾ ਇਕ ਹੋਟਲ 'ਚ ਤਿੰਨ ਪਾਰਟੀਆਂ ਦੀ ਸਾਂਝੀ ਬੈਠਕ 'ਚ ਕੀਤਾ ਗਿਆ। ਇਸ ਤੋਂ ਕੁੱਝ ਘੰਟੇ ਪਹਿਲਾਂ ਚਾਰ ਦਿਨ ਪੁਰਾਣੀ ਦਵਿੰਦਰ ਫ਼ੜਨਵੀਸ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਡਿੱਗ ਗਈ ਸੀ।
ਐਨ.ਸੀ.ਪੀ. ਦੇ ਮਹਾਰਾਸ਼ਟਰ ਮੁਖੀ ਜੈਯੰਤ ਪਾਟਿਲ ਨੇ ਅਗਲੇ ਮੁੱਖ ਮੰਤਰੀ ਵਜੋਂ ਠਾਕਰੇ ਦਾ ਨਾਂ ਪੇਸ਼ ਕੀਤਾ। ਸੂਬੇ 'ਚ ਕਾਂਗਰਸ ਪ੍ਰਧਾਨ ਬਾਲਾਸਾਹਿਬ ਥੋਰਾਟ ਨੇ ਇਸ ਮਤੇ ਨੂੰ ਮਨਜ਼ੂਰੀ ਦਿਤੀ। ਬੈਠਕ 'ਚ ਐਨ.ਸੀ.ਪੀ. ਮੁਖੀ ਸ਼ਰਦ ਪਵਾਰ, ਪਾਰਟੀ ਦੇ ਸੀਨੀਅਰ ਆਗੂ ਪ੍ਰਫ਼ੁੱਲ ਪਟੇਲ, ਕਾਂਗਰਸ ਆਗੂ ਅਸ਼ੋਕ ਚਵਾਨ, ਸਵਾਭੀਮਾਨੀ ਸ਼ੇਤਕਾਰੀ ਸੰਗਠਨ ਦੇ ਰਾਜੂ ਸ਼ੈੱਟੀ, ਸਮਾਜਵਾਦੀ ਪਾਰਟੀ ਦੇ ਅਬੂ ਆਜ਼ਮੀ ਅਤੇ ਇਨ੍ਹਾਂ ਪਾਰਟੀਆਂ ਦੇ ਸਾਰੇ ਵਿਧਾਇਕ ਮੌਜੂਦ ਸਨ। ਤਿੰਨੇ ਪਾਰਟੀਆਂ ਨੇ ਅਪਣੇ ਗਠਜੋੜ ਨੂੰ 'ਮਹਾਰਾਸ਼ਟਰ ਵਿਕਾਸ ਆਘਾਡੀ' ਨਾਂ ਦਿਤਾ ਹੈ।
ਫ਼ੜਨਵੀਸ ਅਤੇ ਅਜੀਤ ਪਵਾਰ ਦੇ ਅਸਤੀਫ਼ੇ ਮਗਰੋਂ ਮੁੰਬਈ ਦੇ ਟ੍ਰਾਈਡੈਂਟ ਹੋਟਲ ਵਿਚ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੀ ਅਹਿਮ ਬੈਠਕ ਹੋਈ। ਬੈਠਕ ਵਿਚ ਐਨਸੀਪੀ ਚੀਫ ਸ਼ਰਦ ਪਵਾਰ, ਸ਼ਿਵਸੈਨਾ ਪ੍ਰਮੁੱਖ ਉਧਵ ਠਾਕਰੇ, ਉਨ੍ਹਾਂ ਦੇ ਬੇਟੇ ਅਦਿੱਤਿਆ, ਤੇਜਸ ਅਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਇਸ ਤੋਂ ਇਲਾਵਾ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖ਼ਬਰ ਆ ਰਹੀ ਹੈ ਕਿ ਨਵੀਂ ਸਰਕਾਰ ਵਿਚ ਦੋ ਮੁੱਖ ਮੰਤਰੀ ਹੋਣਗੇ।
ਐਨਸੀਪੀ ਦੇ ਜਯੰਦ ਪਾਟਿਲ ਅਤੇ ਕਾਂਗਰਸ ਦੇ ਬਾਲਾ ਸਾਹਿਬ ਥੋਰਾਟ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀਆਂ ਖਬਰਾਂ ਹਨ। ਉਧਰ ਬੀਜੇਪੀ ਦੇ ਕਾਲੀਦਾਸ ਕੋਲੰਬਰ ਨੂੰ ਪ੍ਰੋਟੇਮ ਸਪੀਕਰ ਬਣਾਇਆ ਗਿਆ ਹੈ। ਕੱਲ੍ਹ ਸਵੇਰੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ, ਜਿਸ ਵਿੱਚ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ।
ਦੂਜੇ ਪਾਸੇ ਫੜਨਵੀਸ ਨੇ ਇਹ ਕਹਿੰਦੇ ਹੋਏ ਆਪਣਾ ਅਸਤੀਫਾ ਦੇ ਦਿੱਤਾ ਸੀ ਕਿ ਨਿਜੀ ਕਾਰਨਾਂ ਕਾਰਣ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਅਸਤੀਫਾ ਦੇਣ ਮਗਰੋਂ ਉਨ੍ਹਾਂ ਦੇ ਕੋਲ ਬਹੁਮਤ ਨਹੀਂ ਰਹਿ ਗਿਆ। ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਬੈਠਕ ਤੋਂ ਪਹਿਲਾਂ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀ ਕਿ ਇਹ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਲੀਡਰਾਂ ਦਾ ਘਮੰਡ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਧਵ ਠਾਕਰੇ ਅਗਲੇ ਮੁੱਖ ਮੰਤਰੀ ਹੋਣਗੇ।
ਇੱਥੇ ਵਰਣਨਯੋਗ ਹੈ ਕਿ 23 ਨਵੰਬਰ ਦੀ ਸਵੇਰੇ ਬੀਜੇਪੀ ਦੇ ਦਵਿੰਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਨਾਲ ਹੀ ਅਜੀਤ ਪਵਾਰ ਨੇ ਵੀ ਡਿਪਟੀ ਸੀਐਮ ਵਜੋਂ ਸਹੁੰ ਚੁੱਕੀ ਸੀ। ਇਸਤੋਂ ਬਾਅਦ ਕਾਂਗਰਸ, ਸ਼ਿਵ ਸੈਨਾ ਅਤੇ ਐਨਸੀਪੀ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਅਤੇ ਦੋ ਦਿਨ ਸੁਣਵਾਈ ਮਗਰੋਂ ਮੰਗਲਵਾਰ ਸਵੇਰੇ ਫੈਸਲਾ ਸੁਣਾ ਦਿੱਤਾ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਰਕਾਰ 5 ਵਜੇ ਤੱਕ ਆਪਣਾ ਬਹੁਮਤ ਸਿੱਧ ਕਰੇ। ਇਸ ਤੋਂ ਬਾਅਦ ਤੇਜੀ ਨਾਲ ਸਿਆਸੀ ਸਮੀਕਰਣ ਬਦਲੇ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੋਵੇਂ ਆਪਣਾ ਅਸਤੀਫਾ ਦੇ ਗਏ।