Uttarakhand Tunnel Collapse: ਸਿਲਕੀਆਰਾ ਸੁਰੰਗ ’ਚ ਉੱਪਰੋਂ ਪੁੱਜਣ ਲਈ 36 ਮੀਟਰ ਤਕ ਡਰਿਲਿੰਗ ਪੂਰੀ : ਸਾਬਕਾ ਡੀ.ਜੀ. ਹਰਪਾਲ ਸਿੰਘ
ਲੇਟਵੀਂ ਡਰਿਲਿੰਗ ਦੌਰਾਨ ਆਗਰ ਮਸ਼ੀਨ ਦੇ ਮਲਬੇ ’ਚ ਫਸੇ ਬਾਕੀ ਹਿੱਸੇ ਵੀ ਮਲਬੇ ਬਾਹਰ ਕੱਢੇ ਗਏ, ਹੱਥਾਂ ਡਰਿਲਿੰਗ ਜਲਦ ਹੋਵੇਗੀ ਸ਼ੁਰੂ
Uttarakhand Tunnel Collapse: ਨਿਰਮਾਣ ਅਧੀਨ ਸਿਲਕੀਆਰਾ-ਬਰਕੋਟ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸੁਰੰਗ ਦੇ ਉੱਪਰੋਂ ਕੀਤੀ ਜਾ ਰਹੀ ਵਰਟੀਕਲ ਡਰਿਲਿੰਗ ਅੱਧੇ ਰਸਤੇ ਤਕ ਪਹੁੰਚ ਗਈ ਹੈ। ਆਗਰ ਮਸ਼ੀਨ ਦੇ ਖਰਾਬ ਹੋਣ ਤੋਂ ਬਾਅਦ ਇਕ ਬਦਲਵਾਂ ਰਸਤਾ ਤਿਆਰ ਕਰਨ ਲਈ ਐਤਵਾਰ ਨੂੰ ਸੁਰੰਗ ਦੇ ਉੱਪਰੋਂ ਵਰਟੀਕਲ ਡਰਿਲਿੰਗ ਸ਼ੁਰੂ ਕੀਤੀ ਗਈ ਸੀ।
ਸਿਲਕੀਆਰਾ ’ਚ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਰਹੱਦੀ ਸੜਕ ਸੰਗਠਨ ਦੇ ਸਾਬਕਾ ਡਾਇਰੈਕਟਰ ਜਨਰਲ ਹਰਪਾਲ ਸਿੰਘ ਨੇ ਮੰਗਲਵਾਰ ਸਵੇਰੇ ਨੂੰ ਕਿਹਾ ਕਿ ਹੁਣ ਤਕ 36 ਮੀਟਰ ਵਰਟੀਕਲ ਡਰਿਲਿੰਗ ਕੀਤੀ ਜਾ ਚੁਕੀ ਹੈ। ਉਨ੍ਹਾਂ ਕਿਹਾ, ‘‘ਇਸ ਤਹਿਤ 1.2 ਮੀਟਰ ਵਿਆਸ ਦੀਆਂ ਪਾਈਪਾਂ ਸੁਰੰਗ ਦੇ ਸਿਖਰ ਤੋਂ ਹੇਠਾਂ ਤਕ ਪਾਈਆਂ ਜਾਣਗੀਆਂ।’’ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਸੀ ਕਿ ਸੁਰੰਗ ’ਚ ਫਸੇ ਮਜ਼ਦੂਰਾਂ ਤਕ ਪਹੁੰਚਣ ਲਈ ਕੁਲ 86 ਮੀਟਰ ਲੰਮੀ ਡਰਿਲਿੰਗ ਕੀਤੀ ਜਾਵੇਗੀ ਅਤੇ ਇਸ ’ਚ ਚਾਰ ਦਿਨ ਲਗਣਗੇ।
ਹਰਪਾਲ ਸਿੰਘ ਨੇ ਕਿਹਾ ਕਿ ਡਰਿਲਿੰਗ ਦੌਰਾਨ ਮਲਬੇ ਵਿਚ ਫਸੇ ਅਮਰੀਕੀ ਆਗਰ ਮਸ਼ੀਨ ਦੇ ਬਾਕੀ ਹਿੱਸਿਆਂ ਨੂੰ ਵੀ ਸੋਮਵਾਰ ਤੜਕੇ ਬਾਹਰ ਕੱਢ ਲਿਆ ਗਿਆ। ਪਹਿਲਾਂ ਆਗਰ ਮਸ਼ੀਨ ਦੇ ਸਾਰੇ ਹਿੱਸਿਆਂ ਨੂੰ ਬਾਹਰ ਕੱਢਣਾ ਜ਼ਰੂਰੀ ਸੀ ਤਾਂ ਜੋ ਇਸ ਵਿਚ ‘ਮੈਨੂਅਲ ਡ੍ਰਿਲਿੰਗ’ ਕਰ ਕੇ ਮਲਬੇ ਵਿਚ ਪਾਈਪਾਂ ਪਾਈਆਂ ਜਾ ਸਕਣ। ਇਸ ਤੋਂ ਬਾਅਦ ਹੁਣ ਮਜ਼ਦੂਰਾਂ ਲਈ ਪਹਿਲਾਂ ਤੋਂ ਬਣਾਏ ਜਾ ਰਹੇ ਰਸਤੇ ਨੂੰ ਪੂਰਾ ਕਰਨ ਲਈ ‘ਮੈਨੂਅਲ ਡਰਿਲਿੰਗ’ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਤਿਆਰੀਆਂ ਚੱਲ ਰਹੀਆਂ ਹਨ।
ਸ਼ੁਕਰਵਾਰ ਦੁਪਹਿਰ ਨੂੰ ਜਦੋਂ 25 ਟਨ ਦੀ ਆਗਰ ਮਸ਼ੀਨ ਖਰਾਬ ਹੋਈ, ਉਦੋਂ ਤਕ ਬਚਾਅ ਮੁਲਾਜ਼ਮ ਮਲਬੇ ਦੇ 47 ਮੀਟਰ ਅੰਦਰ ਤਕ ਦਾਖਲ ਹੋ ਚੁਕੇ ਸਨ ਅਤੇ ਮਜ਼ਦੂਰਾਂ ਤਕ ਪਹੁੰਚਣ ਲਈ ਸਿਰਫ 10-12 ਮੀਟਰ ਡਰਿਲਿੰਗ ਬਾਕੀ ਸੀ। ਇਸ ਸਬੰਧੀ ਕੈਪਟਨ ਹਰਪਾਲ ਸਿੰਘ ਨੇ ਕਿਹਾ, ‘‘800 ਮੀਟਰ ਵਿਆਸ ਦੀਆਂ ਪਾਈਪਾਂ ਦੇ ਫਰੇਮ ਤਿਆਰ ਕੀਤੇ ਗਏ ਹਨ। ਅਸੀਂ ਅੱਧਾ ਮੀਟਰ ਤੋਂ ਇਕ ਮੀਟਰ ਦੀ ਦੂਰੀ ਲੈ ਕੇ ਹੌਲੀ-ਹੌਲੀ ਅੱਗੇ ਵਧਾਂਗੇ। ਜੇਕਰ ਸਭ ਕੁਝ ਠੀਕ ਰਿਹਾ ਅਤੇ ਕੋਈ ਰੁਕਾਵਟ ਨਹੀਂ ਆਈ ਤਾਂ 24-36 ਘੰਟਿਆਂ ’ਚ 10 ਮੀਟਰ ਲੰਬਾ ਮਲਬਾ ਕਢਿਆ ਜਾ ਸਕਦਾ ਹੈ।’’
ਸੁਰੰਗ ਦੇ ਸਿਲਕੀਆਰਾ ਸਿਰੇ ਤੋਂ 25 ਟਨ ਦੀ ਅਮਰੀਕੀ ਆਗਰ ਮਸ਼ੀਨ ਜ਼ਰੀਏ ਚਲ ਰਹੀ ਲੇਟਵੀਂ ਡਰਿਲਿੰਗ ਵਿਚ ਤਾਜ਼ਾ ਰੁਕਾਵਟ ਸ਼ੁਕਰਵਾਰ ਸ਼ਾਮ ਨੂੰ ਆਈ ਜਦੋਂ ਇਸ ਦੇ ਬਲੇਡ ਮਲਬੇ ਵਿਚ ਫਸ ਗਏ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਸਿਲਕੀਆਰਾ ਸੁਰੰਗ ਦਾ ਇਕ ਹਿੱਸਾ ਢਹਿ ਗਿਆ ਸੀ, ਜਿਸ ’ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਕਈ ਏਜੰਸੀਆਂ ਵਲੋਂ ਪਿਛਲੇ 15 ਦਿਨਾਂ ਤੋਂ ਜੰਗੀ ਪੱਧਰ ’ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰ ਨੇ ਸਿਲਕਿਆਰਾ ’ਚ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ
ਉੱਤਰਕਾਸ਼ੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਸਿਲਕੀਆਰਾ ਦਾ ਦੌਰਾ ਕੀਤਾ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਚਲਾਏ ਜਾ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬਚਾਅ ਕਾਰਜਾਂ ’ਚ ਲੱਗੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਉਨ੍ਹਾਂ ਨੇ ਮਲਬੇ ’ਚ ਫਸੀ ਆਗਰ ਮਸ਼ੀਨ ਦੇ ਬਲੇਡ ਅਤੇ ਸ਼ਾਫਟ ਨੂੰ ਕੱਟਣ ਵਾਲੇ ਮਜ਼ਦੂਰਾਂ- ਟਿੰਕੂ ਦੂਬੇ, ਅਮਿਤ, ਸ਼ਸ਼ੀਕਾਂਤ, ਝਾਰੂ ਰਾਮ, ਰਾਧੇ ਰਮਣ ਦੂਬੇ, ਓਮ ਪ੍ਰਕਾਸ਼, ਐਨ.ਡੀ. ਅਹਿਮਦ ਨਾਲ ਗੱਲ ਕਰ ਕੇ ਉਨ੍ਹਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਜ਼ਦੂਰਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਨੇ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਅਡਾਨੀ ਗਰੁੱਪ ਨੇ ਉਤਰਾਖੰਡ ਸੁਰੰਗ ਨਿਰਮਾਣ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ
ਨਵੀਂ ਦਿੱਲੀ: ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਤਰਾਖੰਡ ’ਚ ਸਿਲਕੀਆਰਾ ਸੁਰੰਗ ਦੇ ਨਿਰਮਾਣ ’ਚ ਉਸ ਦੀ ਕੋਈ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਨਹੀਂ ਹੈ। ਅਡਾਨੀ ਸਮੂਹ ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਸੁਰੰਗ ਦੇ ਨਿਰਮਾਣ ਵਿਚ ਸ਼ਾਮਲ ਕੰਪਨੀ ਵਿਚ ਸਮੂਹ ਦੀ ਕੋਈ ਮਾਲਕੀ ਜਾਂ ਹਿੱਸੇਦਾਰੀ ਨਹੀਂ ਹੈ। ਸੋਸ਼ਲ ਮੀਡੀਆ ਦੇ ਇਕ ਹਿੱਸੇ ਨੇ ਸਿਲਕੀਆਰਾ ਸੁਰੰਗ ਦੇ ਨਿਰਮਾਣ ’ਚ ਅਡਾਨੀ ਸਮੂਹ ਦੀ ਸ਼ਮੂਲੀਅਤ ਬਾਰੇ ਸ਼ੱਕ ਜ਼ਾਹਰ ਕੀਤਾ ਹੈ। ਬੁਲਾਰੇ ਨੇ ਕਿਹਾ, ‘‘ਅਸੀਂ ਸਪੱਸ਼ਟ ਕਰਦੇ ਹਾਂ ਕਿ ਅਡਾਨੀ ਸਮੂਹ ਜਾਂ ਇਸ ਦੀ ਕਿਸੇ ਸਹਾਇਕ ਕੰਪਨੀ ਦੀ ਸੁਰੰਗ ਦੇ ਨਿਰਮਾਣ ਵਿਚ ਕੋਈ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਨਹੀਂ ਹੈ। ਅਸੀਂ ਇਹ ਵੀ ਸਪੱਸ਼ਟ ਕਰਦੇ ਹਾਂ ਕਿ ਸੁਰੰਗ ਦੇ ਨਿਰਮਾਣ ’ਚ ਸ਼ਾਮਲ ਕੰਪਨੀ ’ਚ ਸਾਡੀ ਕੋਈ ਹਿੱਸੇਦਾਰੀ ਨਹੀਂ ਹੈ।’’ ਅਡਾਨੀ ਸਮੂਹ ਨੇ ਇਸ ਦੁਖਾਂਤ ਨਾਲ ਉਨ੍ਹਾਂ ਦਾ ਨਾਂ ਜੋੜੇ ਜਾਣ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ, ‘‘ਇਸ ਸਮੇਂ ਸਾਡੀ ਹਮਦਰਦੀ ਫਸੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।’’
(For more news apart from Uttarakhand Tunnel Collapse, stay tuned to Rozana Spokesman)