NIA ਦੀ ਛਾਪੇਮਾਰੀ ‘ਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ 12 ਦਿਨ ਦੀ ਹਿਰਾਸਤ ‘ਚ ਭੇਜਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਾਂਚ ਏਜੰਸੀ (NIA) ਦੁਆਰਾ ਬੁੱਧਵਾਰ ਨੂੰ ਛਾਪੇਮਾਰੀ ਵਿਚ ਗ੍ਰਿਫ਼ਤਾਰ.........

NIA

ਨਵੀਂ ਦਿੱਲੀ (ਭਾਸ਼ਾ): ਰਾਸ਼ਟਰੀ ਜਾਂਚ ਏਜੰਸੀ (NIA) ਦੁਆਰਾ ਬੁੱਧਵਾਰ ਨੂੰ ਛਾਪੇਮਾਰੀ ਵਿਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਲੋਕਾਂ ਨੂੰ ਕੋਰਟ ਨੇ 12 ਦਿਨਾਂ ਦੀ ਹਿਰਾਸਤ ਵਿਚ ਭੇਜ ਦਿਤਾ ਹੈ। ਅੱਜ ਇਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਪਟਿਆਲੇ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਇਸ ਵਿਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਮਿਲਣ ਲਈ ਪਟਿਆਲਾ ਹਾਊਸ ਕੋਰਟ ਵਿਚ ਵੱਖ ਤੋਂ ਅਰਜੀ ਲਗਾਈ ਸੀ। ਕੋਰਟ ਨੇ ਇਨ੍ਹਾਂ ਦੀ ਦਲੀਲ ਸੁਣਨ ਤੋਂ ਬਾਅਦ 6 ਮੁਲਜ਼ਮਾਂ ਨੂੰ ਅਪਣੇ ਪਰਵਾਰ ਵਾਲਿਆਂ ਨਾਲ 5-5 ਮਿੰਟ ਲਈ ਮਿਲਣ ਦੀ ਇਜਾਜਤ ਦਿਤੀ ਹੈ।

NIA ਨੇ ਕੋਰਟ ਵਿਚ ਕਿਹਾ ਇਨ੍ਹਾਂ ਦੇ ਹੋਰ ਸੂਤਰਾਂ ਦਾ ਪਤਾ ਕਰਨਾ ਹੈ ਅਤੇ ਇਨ੍ਹਾਂ ਦੇ ਕਿੰਨੇ ਸਾਥੀ ਹਨ ਇਹ ਵੀ ਸਾਨੂੰ ਪਤਾ ਲਗਾਉਣੇ ਹਨ। ਇਸਲਾਮਿਕ ਸਟੇਟ (ISI) ਦੇ ਨਵੇਂ ਮਾਡਿਊਲ ਹਰਕਤ-ਉਲ-ਹਰਬ-ਇਸਲਾਮ ਨੂੰ ਲੈ ਕੇ NIA ਅਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਬੁੱਧਵਾਰ ਨੂੰ 17 ਜਗ੍ਹਾਂ ਛਾਪੇ ਮਾਰੇ ਸਨ। ਐਨਆਈਏ ਵਲੋਂ ਹਿਰਾਸਤ ਵਿਚ ਲਏ ਗਏ ਅਤਿਵਾਦੀ ਦੇਸ਼ ਦੀਆਂ ਕਈ ਮੁੱਖ ਹਸਤੀਆਂ ਅਤੇ ਦਿੱਲੀ ਦੇ ਵੱਡੇ ਬਾਜ਼ਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿਚ ਸਨ। ਇਸ ਸਾਜਿਸ਼ ਵਿਚ ਮੌਲਵੀ ਤੋਂ ਲੈ ਕੇ ਇੰਜੀਨੀਅਰ ਤੱਕ ਸ਼ਾਮਲ ਹਨ।

NIA  ਦੇ ਮੁਤਾਬਕ, ਇਸ ਗੈਂਗ ਦਾ ਮਕਸਦ ਸੀ ਆਉਣ ਵਾਲੇ ਦਿਨਾਂ ਵਿਚ ਕਈ ਵੱਡੀਆਂ ਜਗ੍ਹਾਂ ਉਤੇ ਧਮਾਕੇ ਕਰਕੇ ਦਹਿਸ਼ਤ ਫੈਲਾਉਣਾ। ਆਲੋਕ ਮਿੱਤਲ ਨੇ ਕਿਹਾ ਕਿ ਇਸ ਗੈਂਗ ਦਾ ਮਾਸਟਰਮਾਇੰਡ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਇਕ ਮੌਲਵੀ ਮੁਫ਼ਤੀ ਸੋਹੇਲ ਸੀ, ਜੋ ਦਿੱਲੀ ਦਾ ਰਹਿਣ ਵਾਲਾ ਸੀ। NIA  ਦੇ ਆਈਜੀ ਆਲੋਕ ਮਿੱਤਲ ਨੇ ਕਿਹਾ, ਅਮਰੋਹਾ ਦਾ ਰਹਿਣ ਵਾਲਾ ਮੌਲਵੀ ਮੁਫ਼ਤੀ ਸੋਹੇਲ ਰਿੰਗ ਮਾਸਟਰ ਸੀ। ਉਹ ਨੇੜੇ ਦੇ ਲੋਕਾਂ ਨੂੰ ਇਸ ਗੈਂਗ ਵਿਚ ਸ਼ਾਮਲ ਕਰਦਾ ਸੀ ਅਤੇ ਨਾਲ ਹੀ ਉਹ ਵਿਦੇਸ਼ ਵਿਚ ਬੈਠੇ ਕਿਸੇ ਸ਼ਖਸ ਦੇ ਸੰਪਰਕ ਵਿਚ ਵੀ ਸੀ।