ਨਵੇਂ ਸਾਲ ’ਚ ਮਹਿੰਗਾ ਹੋ ਸਕਦਾ ਹੈ ਟ੍ਰੇਨ ਦਾ ਸਫ਼ਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਲ–ਭਾੜਾ ਵੀ ਹੋਵੇਗਾ ਮਹਿੰਗਾ

File

ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਰੇਲ ਕਿਰਾਏ ਵਧਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਯਾਤਰੀ ਕਿਰਾਏ ਤੇ ਮਾਲ ਭਾੜਾ ਦਰਾਂ ਨੂੰ ਹੁਣ ਤਰਕਪੂਰਨ ਬਣਾਉਣ ਦਾ ਕੰਮ ਚੱਲ ਰਿਹਾ ਹੈ।

ਜਦੋਂ ਯਾਦਵ ਤੋਂ ਪੁੱਛਿਆ ਗਿਅਆ ਕਿ ਕੀ ਇਸ ਪ੍ਰਕਿਰਿਆ ਤੋਂ ਰੇਲ ਕਿਰਾਇਆ ਵਧ ਜਾਵੇਗਾ, ਤਾਂ ਉਨ੍ਹਾਂ ਕਿਹਾ ਕਿ ਹਾਲੇ ਇਸ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦੀ ਆਮਦਨ ਘਟਦੀ ਜਾ ਰਹੀ ਸੀ, ਇਸੇ ਲਈ ਹੁਣ ਕਈ ਕਦਮ ਚੁੱਕੇ ਜਾ ਰਹੇ ਹਨ।

ਯਾਦਵ ਨੇ ਕਿਹਾ ਕਿ ਕਿਰਾਇਆ ਵਧਾਉਣਾ ਥੋੜ੍ਹਾ ਸੰਵੇਦਨਸ਼ੀਲ ਮੁੱਦਾ ਹੈ ਤੇ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਉੱਤੇ ਲੰਮੇਰੀ ਚਰਚਾ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਮਾਲ ਭਾੜਾ ਤਾਂ ਪਹਿਲਾਂ ਨਾਲੋਂ ਵੱਧ ਹੈ। ਇਸ ਲਈ ਸਾਡਾ ਟੀਚਾ ਵੱਧ ਤੋਂ ਵੱਧ ਆਵਾਜਾਈ ਨੂੰ ਸੜਕ ਤੋਂ ਰੇਲਵੇ ਵੱਲ ਲਿਆਉਣਾ ਹੈ। 

ਸੂਚਨਾ ਦੇ ਅਧਿਕਾਰ (RTI) ਅਧੀਨ ਹਾਸਲ ਕੀਤੀ ਜਾਣਕਾਰੀ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ’ਚ ਰੇਲਵੇ ਦੀ ਯਾਤਰੀ ਕਿਰਾਏ ਨਾਲ ਆਮਦਨੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 155 ਕਰੋੜ ਰੁਪਏ ਤੇ ਮਾਲ ਦੀ ਢੋਆ–ਢੁਆਈ ਤੋਂ ਆਮਦਨ 3,901 ਕਰੋੜ ਰੁਪੲਹੇ ਘੱਟ ਰਹੀ।