ਰੇਲਵੇ ਬੋਰਡ ਨੇ ਸਟੇਸ਼ਨਾਂ ’ਤੇ ਨਾਸ਼ਤਾ, ਦੁਪਹਿਰ ਤੇ ਸ਼ਾਮ ਦੇ ਖਾਣੇ ਦੀਆਂ ਦਰਾਂ ’ਚ 40 ਤੋਂ 60 ਫ਼ੀਸਦੀ ਦਾ ਭਾਰੀ ਵਾਧਾ ਕਰ ਦਿੱਤਾ ਹੈ। ਰੇਲ ਯਾਤਰੀਆਂ ਨੂੰ ਫ਼ੂਡ ਪਲਾਜ਼ਾ, ਫ਼ੂਡ ਕੋਰਟ, ਜਨਾਹਾਰ ਆਦਿ ਵਿੱਚ ਆਪਣੀ ਭੁੱਖ ਮਿਟਾਉਣ ਲਈ ਹੁਣ ਜੇਬ ਵੱਧ ਢਿੱਲੀ ਕਰਨੀ ਪਿਆ ਕਰੇਗੀ। ਇਸਤੋਂ ਇਲਾਵਾ ਪਹਿਲੀ ਵਾਰ ਦੇਸ਼ ਦੇ ਸਾਰੇ ਸਟੇਸ਼ਨਾਂ ’ਤੇ ਮੈਨਯੂ ਵਿੱਚ ਚਿਕਨ, ਕਰੀ–ਚਿਕਨ, ਬਿਰਿਆਨੀ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਚੇਤੇ ਰਹੇ ਕਿ ਰੇਲ–ਗੱਡੀਆਂ ਵਿੱਚ ਤਾਂ ਮਾਸਾਹਾਰੀ ਭੋਜਨ ਮਿਲਦਾ ਹੈ ਪਰ ਸਟੇਸ਼ਨਾਂ ਉੱਤੇ ਇਸ ਦੀ ਵਿਕਰੀ ਉੱਤੇ ਪਾਬੰਦੀ ਰਹੀ ਹੈ। ਰੇਲਵੇ ਬੋਰਡ ਨੇ ਸਟੇਸ਼ਨਾਂ ਉੱਤੇ ਖਾਣ ਦੀਆਂ ਦਰਾਂ ਵਧਾਉਣ ਦੀ ਮਨਜ਼ੂਰੀ ਬੀਤੀ 12 ਦਸੰਬਰ ਨੂੰ ਚੁੱਪ–ਚੁਪੀਤੇ ਦੇ ਦਿੱਤੀ ਹੈ। ਬੋਰਡ ਵੱਲੋਂ ਸਾਰੇ ਜ਼ੋਨਲ ਰੇਲਵੇਜ਼ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਅਧੀਨ ਸਵੇਰ ਦਾ ਨਾਸ਼ਤਾ 25 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤਾ ਗਿਆ ਹੈ, ਅਤੇ ਇਸ ਵਿੱਚ 40 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।
ਮਾਸਾਹਾਰੀ ਨਾਸ਼ਤੇ ਦੀਆਂ ਦਰਾਂ 30 ਰੁਪਏ ਤੋਂ ਵਧਾ ਕੇ 45 ਰੁਪਏ ਕਰ ਦਿੱਤੀਆਂ ਗਈਆਂ ਹਨ। ਸ਼ਾਕਾਹਾਰੀ ਖਾਣਾ 45 ਰੁਪਏ ਦੀ ਥਾਂ 70 ਰੁਪਏ ਦਾ ਹੋ ਗਿਆ ਹੈ। ਜਦ ਕਿ ਮਾਸਾਹਾਰੀ ਖਾਣੇ ਦੀਆਂ ਦਰਾਂ 50 ਰੁਪਏ ਤੋਂ ਵਧਾ ਕੇ 80 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ, ਜੋ 80 ਫ਼ੀਸਦੀ ਵਾਧਾ ਹੈ।
ਰੇਲਵੇ ਬੋਰਡ ਨੇ ਮਾਸਾਹਾਰ ਦੇ ਸ਼ੌਕੀਨਾਂ ਲਈ ਦੇਸ਼ ਦੇ ਸਾਰੇ ਸਟੇਸ਼ਨਾਂ ’ਤੇ ਚਿਕਨ ਕਰੀ, ਚਿਕਨ ਬਿਰਿਆਨੀ ਦੀ ਵਿਕਰੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਚਿਕਨ ਕਰੀ 120 ਰੁਪਏ ਤੇ ਚਿਕਨ ਬਿਰਿਆਨੀ 100 ਰੁਪਏ, ਮਾਸਾਹਾਰ ਬਿਰਿਆਨੀ 80 ਰੁਪਏ ਦੀ ਹੈ। ਇਸ ਤੋਂ ਇਲਾਵਾ ਮੈਨਯੂ ’ਚ ਸ਼ਾਕਾਹਾਰ ਬਿਰਿਆਨੀ 70 ਰੁਪਏ, ਸਨੈਕਸ 50 ਰੁਪਏ ਨੂੰ ਸ਼ਾਮਲ ਕੀਤਾ ਗਿਆ ਹੈ।
ਰੇਲਵੇ ਸਟੇਸ਼ਨਾਂ ’ਤੇ ਸਟਾਲ, ਟ੍ਰਾਲੀ, ਠੇਲਾ ਆਦਿ ਰੱਖਣ ਦੀਆਂ ਦਰਾਂ ਜਿਉਂ ਦੀਆਂ ਤਿਉਂ ਰਹਿਣਗੀਆਂ। ਸਟੇਸ਼ਨ ’ਤੇ ਕਸ਼ੋਰੇ ’ਚ ਪੰਜ ਰੁਪਏ ਦੀ ਚਾਹ ਵਿਕਦੀ ਹੈ, ਜਦ ਕਿ ਫ਼ੂਡ ਪਲਾਜ਼ਾ ਤੇ ਰੇਲ–ਗੱਡੀਆਂ ਚਾਹ ਦਾ ਕੱਪ 10 ਰੁਪਏ ਦਾ ਵਿਕਦਾ ਹੈ। ਦੇਸ਼ ਵਿੱਚ 10 ਹਜ਼ਾਰ ਤੋਂ ਵੱਧ ਰੇਲਵੇ ਸਟਾਲ ਤੇ ਟ੍ਰਾਲੀਆਂ ਹਨ।