ਕਿਸਾਨੀ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ - ਗੁਰਮੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਊਥ ਏਸ਼ੀਆ ਯੂਥ ਫੋਰਮ ਨੇ ਕੀਤੀ ਕਿਸਾਨੀ ਮੋਰਚੇ ਦੀ ਹਮਾਇਤ

Gurmeet Singh

ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਦੇਸ਼ ਦਾ ਹਰੇਕ ਵਰਗ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਰਿਹਾ ਹੈ। ਇਸ ਦੌਰਾਨ ਸਾਊਥ ਏਸ਼ੀਆ ਯੂਥ ਫੋਰਮ ਨੇ ਵੀ ਕਿਸਾਨੀ ਅੰਦੋਲਨ ‘ਚ ਯੋਗਦਾਨ ਪਾਇਆ ਹੈ। ਸੰਸਥਾ ਦੇ ਨੁਮਾਇੰਦੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਇਹ ਮੰਨਦੀ ਹੈ ਕਿ ਬਾਂਗਲਾਦੇਸ਼, ਭਾਰਤ, ਸ੍ਰੀਲੰਕਾ ਤੇ ਪਾਕਿਸਤਾਨ ਦਾ ਖਿੱਤਾ ਇਕ ਸੀ।

ਸਾਨੂੰ ਵੰਡ ਕੇ ਕਮਜ਼ੋਰ ਕੀਤਾ ਗਿਆ। ਦੁਨੀਆਂ ਦਾ ਸਭ ਤੋਂ ਉਪਜਾਊ ਪੌਣ-ਪਾਣੀ, ਜ਼ਮੀਨ ਤੇ ਸਭ ਤੋਂ ਮਜ਼ਬੂਤ ਲੋਕ ਇਸ ਖਿੱਤੇ ਨਾਲ ਸਬੰਧਤ ਸਨ। ਹਾਕਮਾਂ ਨੇ ਸਾਨੂੰ ਵੰਡ ਕੇ ਆਪਸ ਵਿਚ ਹੀ ਲੜਾਇਆ। ਇਸ ਦੌਰਾਨ ਕਿਸਾਨਾਂ ਦਾ ਸਮਰਥਨ ਦੇਣ ਲਈ ਕਾਨਪੁਰ ਤੋਂ ਪਹੁੰਚੇ ਨੌਜਵਾਨ ਨੇ ਕਿਹਾ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਹੈ।

ਉਹਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਸਰਕਾਰ ਨਹੀਂ ਮੰਨਦੇ, ਇਹ ਸਰਕਾਰ ਨਹੀਂ ਬਲਕਿ ਬੈਂਕ ਆਫ ਇੰਗਲੈਂਡ ਤੇ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟ ਦੇ ਏਜੰਟ ਹਨ। ਇਹਨਾਂ ਨੂੰ ਸਰਕਾਰ ਕਹਿਣਾ ਮਤਲਬ ਸਰਕਾਰ ਸ਼ਬਦ ਦੀ ‘ਬੇਇੱਜ਼ਤੀ’ ਕਰਨਾ ਹੈ।

ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪਹਿਲੇ ਕਿਸਾਨ ਗੁਰੂ ਹਨ। ਇਹ ਕਿਸਾਨ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦਾ ਸੰਘਰਸ਼ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਸੰਘਰਸ਼ ਦਾ ਲਾਹਾ ਲੈ ਰਹੀਆਂ ਹਨ।

ਗੁਰਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਰਾਜਸਥਾਨ, ਉਤਰਾਖੰਡ ਤੇ ਹਰਿਆਣਾ ਦੇ ਲੋਕਾਂ ਨੇ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਹੋਰ ਸੂਬੇ ਦੇ ਲੋਕਾਂ ਨੇ ਪੱਗ ਦਾ ਰੁਤਬਾ ਅਪਣੇ ਸਿਰ ‘ਤੇ ਰੱਖ ਲਿਆ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਸਾਊਥ ਏਸ਼ੀਆ ਯੂਥ ਫੋਰਮ ਕਿਸਾਨੀ ਸੰਘਰਸ਼ ਦੀ ਪੂਰਨ ਤੌਰ ‘ਤੇ ਹਮਾਇਤ ਕਰਦੀ ਹੈ।