ਨਸ਼ੇੜੀ ਆਖਣ ਵਾਲੀਆਂ ਸਰਕਾਰਾਂ ਦੇ ਮੂੰਹ ’ਤੇ ਚਪੇੜ ਹਨ ਦਿੱਲੀ ਬਾਰਡਰ ’ਤੇ ਵਾਲੀਬਾਲ ਖੇਡਦੇ ਗੱਭਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੌਜਵਾਨਾਂ ਨੇ ਦਿੱਲੀ ਹਾਈਵੇਅ ‘ਤੇ ਬਣਾਇਆ ਖੇਡ ਦਾ ਮੈਦਾਨ

Youth playing volleyball at kundli border

ਨਵੀਂ ਦਿੱਲ਼ੀ (ਹਰਦੀਪ ਸਿੰਘ ਭੌਗਲ): ਕਿਸਾਨੀ ਸੰਘਰਸ਼ ਦੌਰਾਨ ਪੰਜਾਬੀ ਨੌਜਵਾਨਾਂ ਦੇ ਜਜ਼ਬੇ ਤੇ ਜੋਸ਼ ਨੂੰ ਬਿਆਨ ਕਰਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਪੰਜਾਬ ਦੇ ਗੱਭਰੂ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਵਾਲੀਬਾਲ ਖੇਡ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਅਸੀਂ ਇੱਥੇ ਪੱਕੇ ਡੇਰੇ ਲਾ ਲਏ ਹਨ। ਨੌਜਵਾਨਾਂ ਨੇ ਇੱਥੇ ਖੇਡ ਦਾ ਮੈਦਾਨ ਵੀ ਬਣਾ ਲਿਆ ਹੈ ਤੇ ਹੁਣ ਉਹ ਮੈਦਾਨ ਫਤਿਹ ਕਰਕੇ ਹੀ ਵਾਪਸ ਪਰਤਣਗੇ।

ਦਿੱਲੀ ਬਾਰਡਰ ‘ਤੇ ਖੇਡ ਰਹੇ ਨੌਜਵਾਨਾਂ ਨੇ ਦੁਨੀਆਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ ਖੇਡਦੇ ਵੀ ਹਨ, ਲੰਗਰ ਵੀ ਲਗਾਉਂਦੇ ਹਨ, ਬਾਣੀ ਵੀ ਸੁਣਦੇ ਹਨ ਤੇ ਸੇਵਾ ਵੀ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਰਕਾਰਾਂ ਨਸ਼ੇੜੀ ਕਹਿ ਕੇ ਹਮੇਸ਼ਾਂ ਹੀ ਬਦਨਾਮ ਕਰਦੀਆਂ ਹਨ। ਇੱਥੇ ਪਹੁੰਚੇ ਨੌਜਵਾਨਾਂ ਵਿਚ ਖੇਡਣ ਦੀ ਇੰਨੀ ਤਾਂਘ ਹੁੰਦੀ ਹੈ ਕਿ ਉਹ ਘੰਟਿਆਂ ਤੱਕ ਅਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੇ ਦਿੱਲੀ ਨੂੰ ਹੀ ਅਪਣਾ ਘਰ ਬਣਾ ਲਿਆ ਹੈ। ਨੌਜਵਾਨਾਂ ਨਾਲ ਮੌਜੂਦ ਬਜ਼ੁਰਗਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਨੌਜਵਾਨ ਤੰਦਰੁਸਤ ਹਨ ਤੇ ਖੇਡ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨ ਦਿਨ ਵੇਲੇ ਇੱਥੇ ਖੇਡਦੇ ਹਨ ਤੇ ਸ਼ਾਮ ਨੂੰ ਬਜ਼ੁਰਗਾਂ ਦੀ ਸੇਵਾ ਕਰਦੇ ਹਨ।

ਪੰਜਾਬ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਲੋਹੜੀ ਵੀ ਇੱਥੇ ਮਨਾਉਣੀ ਹੈ ਤੇ ਵਿਸਾਖੀ ਵੀ ਇੱਥੇ ਹੀ ਮਨਾਈ ਜਾਵੇਗੀ। ਦਿੱਲੀ ਦੇ ਨੈਸ਼ਨਲ ਹਾਈਵੇਅ ‘ਤੇ ਖੇਡ ਰਹੇ ਨੌਜਵਾਨਾਂ ਨੇ ਤੈਅ ਕਰ ਲਿਆ ਹੈ ਕਿ ਉਹ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਉਦੋਂ ਤੱਕ ਦਿੱਲੀ ਦੇ ਬਾਰਡਰ ‘ਤੇ ਡੇਰੇ ਲੱਗੇ ਰਹਿਣਗੇ।