ਬੇਘਰੇ ਲੋਕ ਖੁੱਲ੍ਹੇ ਦੀ ਬਜਾਏ ਰੈਣ ਬਸੇਰਿਆਂ 'ਚ ਬਿਤਾਉਣ ਰਾਤਾਂ - ਚੰਡੀਗੜ੍ਹ ਪ੍ਰਸ਼ਾਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਠੰਢ ਤੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਿਦਾਇਤਾਂ ਜਾਰੀ

Representative Image

 

ਚੰਡੀਗੜ੍ਹ - ਪੈ ਰਹੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ, ਸ਼ਹਿਰ ਦੇ ਸਾਰੇ ਐਸ.ਡੀ.ਐਮ. ਸਾਹਿਬਾਨ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਰਾਤ ਵੇਲੇ ਜਾ ਕੇ ਜਾਂਚ ਕਰਨ ਕਿ ਬੇਘਰੇ ਲੋਕ ਖੁੱਲ੍ਹੇ ਵਿੱਚ ਤਾਂ ਨਹੀਂ ਸੌਂ ਰਹੇ।

ਅੱਜ ਇੱਕ ਮੀਟਿੰਗ ਦੌਰਾਨ ਕਾਰਜਕਾਰੀ ਡੀ.ਸੀ. ਯਸ਼ਪਾਲ ਗਰਗ ਨੇ ਦੱਸਿਆ ਕਿ ਦਿੱਲੀ ਵਿੱਚ ਅੱਤ ਦੀ ਠੰਢ ਕਾਰਨ ਖੁੱਲ੍ਹੇ ਵਿੱਚ ਸੌਂ ਰਹੇ 10 ਬੇਘਰੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਅਧਿਕਾਰੀਆਂ ਨਾਲ ਸ਼ਹਿਰ ਵਿੱਚ ਬੇਘਰਿਆਂ ਲਈ ਕੀਤੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ (ਐਮ.ਸੀ.) ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਰੈਣ ਬਸੇਰੇ ਸਥਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਉਨ੍ਹਾਂ ਕਿਹਾ, "ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਚੰਡੀਗੜ੍ਹ ਵਿੱਚ ਅਜਿਹੀ ਕੋਈ ਮੰਦਭਾਗੀ ਮੌਤ ਨਾ ਹੋਵੇ।" ਉਨ੍ਹਾਂ ਹਰੇਕ ਐਸ.ਡੀ.ਐਮ. ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਉਨ੍ਹਾਂ ਥਾਵਾਂ ਦੀ ਸੂਚੀ ਬਣਾਉਣ ਲਈ ਕਿਹਾ ਜੋ ਬੇਘਰ ਵਿਅਕਤੀਆਂ ਦੁਆਰਾ ਰਾਤ ਸਮੇਂ ਸੌਣ ਲਈ ਵਰਤੇ ਜਾਂਦੇ ਹਨ। 

ਐਸ.ਡੀ.ਐਮ. ਸਾਹਿਬਾਨਾਂ ਨੂੰ ਹਿਦਾਇਤ ਕੀਤੀ ਗਈ ਸੀ ਕਿ ਉਹ ਰਾਤ ਨੂੰ ਆਪਣੇ-ਆਪਣੇ ਖੇਤਰ ਵਿੱਚ ਘੁੰਮਣ, ਤਰਜੀਹੀ ਤੌਰ 'ਤੇ ਅੱਧੀ ਰਾਤ ਤੋਂ 3 ਵਜੇ ਦੇ ਵਿਚਕਾਰ। ਗਰਗ ਨੇ ਕਿਹਾ ਕਿ ਜੇਕਰ ਉਹ ਕਿਸੇ ਵੀ ਵਿਅਕਤੀ ਨੂੰ ਖੁੱਲ੍ਹੇ ਵਿੱਚ ਸੌਂਦੇ ਹੋਏ ਪਾਉਂਦੇ ਹਨ, ਤਾਂ ਉਨ੍ਹਾਂ ਨੂੰ ਬੇਘਰ ਵਿਅਕਤੀ ਨੂੰ ਨੇੜਲੇ ਰੈਣ ਬਸੇਰੇ ਵਿੱਚ ਜਾਣ ਦੀ ਸਲਾਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾ ਦੌਰ ਇੱਕ-ਦੋ ਦਿਨਾਂ ਵਿੱਚ ਅਤੇ ਦੂਜਾ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਐਸਡੀਐਮ. ਸਾਹਿਬਾਨਾਂ ਨੂੰ ਰੈਣ ਬਸੇਰਿਆਂ ਵਿੱਚ ਪ੍ਰਬੰਧਾਂ ਦੀ ਜਾਂਚ ਕਰਨ ਅਤੇ ਇਸ ਸੰਬੰਧੀ ਫ਼ੀਡਬੈਕ ਸੰਬੰਧਿਤ ਨਗਰ ਨਿਗਮ ਅਧਿਕਾਰੀਆਂ ਨੂੰ ਦੇਣ ਲਈ ਵੀ ਕਿਹਾ ਗਿਆ।ਗਰਗ ਨੇ ਕਿਹਾ ਕਿ ਰਾਤ ਦੇ ਦੌਰੇ ਦੌਰਾਨ ਕੀਤੇ ਨਿਰੀਖਣ ਦੀ ਇੱਕ ਲਿਖਤੀ ਕਾਪੀ ਨਗਰ ਨਿਗਮ ਕਮਿਸ਼ਨਰ ਨੂੰ ਵੀ ਸੌਂਪੀ ਜਾ ਸਕਦੀ ਹੈ।