ਥੀਏਟਰ ਭਾਜੜ ਮਾਮਲਾ : ਅਦਾਕਾਰ ਅੱਲੂ ਅਰਜੁਨ ਸਮੇਤ 23 ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ
ਅਰਜੁਨ ਨੂੰ ਮੁਲਜ਼ਮ ਨੰਬਰ 11 ਵਜੋਂ ਨਾਮਜ਼ਦ ਕੀਤਾ ਗਿਆ
ਹੈਦਰਾਬਾਦ : ਪੁਸ਼ਪਾ-2 ਫਿਲਮ ਦੇ ਪ੍ਰੀਮੀਅਰ ਦੌਰਾਨ ਭਾਜੜ ’ਚ ਇਕ ਔਰਤ ਦੀ ਮੌਤ ਦੇ ਮਾਮਲੇ ’ਚ ਸਿਟੀ ਪੁਲਿਸ ਨੇ ਚੋਟੀ ਦੇ ਤੇਲਗੂ ਅਦਾਕਾਰ ਅੱਲੂ ਅਰਜੁਨ ਸਮੇਤ 23 ਵਿਅਕਤੀਆਂ ਵਿਰੁਧ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਹੈ।
ਹਾਲ ਹੀ ਵਿਚ ਦਾਇਰ ਚਾਰਜਸ਼ੀਟ ਵਿਚ ਥੀਏਟਰ ਪ੍ਰਬੰਧਨ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਦਕਿ ਅਰਜੁਨ ਨੂੰ ਮੁਲਜ਼ਮ ਨੰਬਰ 11 ਵਜੋਂ ਨਾਮਜ਼ਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 4 ਦਸੰਬਰ, 2024 ਨੂੰ ਇੱਥੇ ਸੰਧਿਆ ਥੀਏਟਰ ਵਿਚ ‘ਪੁਸ਼ਪਾ 2’ ਫਿਲਮ ਦੀ ਸਕ੍ਰੀਨਿੰਗ ਦੌਰਾਨ ਭਾਜੜ ਵਿਚ 35 ਸਾਲ ਦੀ ਇਕ ਔਰਤ ਦੀ ਮੌਤ ਅਤੇ ਉਸ ਦੇ ਅੱਠ ਸਾਲ ਦੇ ਬੇਟੇ ਦੇ ਜ਼ਖਮੀ ਹੋਣ ਤੋਂ ਬਾਅਦ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਭਾਜੜ ਉਸ ਸਮੇਂ ਹੋਈ ਜਦੋਂ ਪ੍ਰਸ਼ੰਸਕ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਅਦਾਕਾਰ ਦੀ ਝਲਕ ਵੇਖਣ ਲਈ ਇਕੱਠੇ ਹੋਏ।
ਇਸ ਘਟਨਾ ਤੋਂ ਬਾਅਦ ਸ਼ਹਿਰ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਪਰਵਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਉਤੇ ਚਿੱਕੜਪੱਲੀ ਥਾਣੇ ’ਚ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਵਿਰੁਧ ਭਾਰਤੀ ਨਿਆਯ ਸੰਹਿਤਾ (ਬੀ.ਐੱਨ.ਐੱਸ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਅੱਲੂ ਅਰਜੁਨ ਨੂੰ 13 ਦਸੰਬਰ, 2024 ਨੂੰ ਭਾਜੜ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤੇਲੰਗਾਨਾ ਹਾਈ ਕੋਰਟ ਵਲੋਂ ਅੰਤਰਿਮ ਜ਼ਮਾਨਤ ਦੇਣ ਤੋਂ ਬਾਅਦ 14 ਦਸੰਬਰ, 2024 ਨੂੰ ਜੇਲ ਤੋਂ ਰਿਹਾਅ ਕੀਤਾ ਗਿਆ ਸੀ। ਬਾਅਦ ’ਚ ਉਸ ਨੂੰ ਨਿਯਮਤ ਜ਼ਮਾਨਤ ਮਿਲ ਗਈ। ਅੱਲੂ ਅਰਜੁਨ ਅਤੇ ਫਿਲਮ ‘ਪੁਸ਼ਪਾ 2’ ਦੇ ਨਿਰਮਾਤਾਵਾਂ ਨੇ ਲੜਕੇ ਦੇ ਪਰਵਾਰ ਨੂੰ ਵਿੱਤੀ ਸਹਾਇਤਾ ਦਿਤੀ ਸੀ। ਤੇਲੰਗਾਨਾ ਸਰਕਾਰ ਨੇ ਪਰਵਾਰ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਸੀ।