ਏਮਸ ਵੱਲੋਂ ਸੀਨੀਅਰ ਡਾਕਟਰਾਂ ਤੋਂ ਜਾਤੀ ਅਤੇ ਧਰਮ ਦੀ ਜਾਣਕਾਰੀ ਮੰਗੇ ਜਾਣ 'ਤੇ ਭੜਕਿਆ ਗੁੱਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੈਕਲਟੀ ਸੈੱਲ ਵਿਚ ਪ੍ਰਸ਼ਾਸਨਿਕ ਕੰਮਕਾਜ ਦੇ ਮੁਖੀ ਡਾ.ਸੰਜੇ ਆਰਿਆ ਨੇ ਦੱਸਿਆ ਕਿ ਫਾਰਮ ਵਿਚ ਇਹ ਸਵਾਲ ਗਲਤੀ ਨਾਲ ਜੁੜੇ ਹਨ ਜਿਹਨਾਂ ਨੂੰ ਛੇਤੀ ਹੀ ਸਹੀ ਕੀਤਾ ਜਾਵੇਗਾ।

All India Institute of Medical Sciences

ਨਵੀਂ ਦਿੱਲੀ : ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ ਸੀਨੀਅਰ ਡਾਕਟਰਾਂ ਨੇ ਫੈਕਲਟੀ ਤੋਂ ਅਜਿਹਾ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਨੂੰ ਕਿਹਾ ਜਿਸ ਵਿਚ ਉਹਨਾਂ ਦੀ ਜਾਤੀ ਅਤੇ ਧਰਮ ਸਮੇਤ ਹੋਰਨਾਂ ਕਈ ਚੀਜ਼ਾਂ ਦੀ ਜਾਣਕਾਰੀ ਮੰਗੀ ਗਈ ਸੀ। ਏਮਸ ਫੈਕਲਟੀ ਸੈੱਲ ਨੇ ਇਕ ਪੰਨੇ ਦੇ ਇਸ ਫਾਰਮ ਨੂੰ ਸਾਰੇ ਸੀਨੀਅਰ ਡਾਕਟਰਾਂ ਦਾ ਡਾਟਾਬੇਸ ਤਿਆਰ ਕਰਨ ਦੇ ਉਦੇਸ਼ ਨਾਲ ਵੰਡਿਆ ਸੀ, ਜਿਨੂੰ ਲੈ ਕੇ ਗੁੱਸਾ ਭੜਕ ਗਿਆ।

ਫਾਰਮ ਵਿਚ ਨਾਮ ਅਤੇ ਉਮਰ ਤੋਂ ਇਲਾਵਾ ਤਨਖਾਹ ਅਤੇ ਨਿਯੁਕਤੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਪੁੱਛੀਆਂ ਗਈਆਂ। ਖ਼ਬਰਾਂ ਮੁਤਾਬਕ ਜਦ ਏਮਸ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਫਾਰਮ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਗੁਲੇਰੀਆ ਨੇ ਕਿਹਾ ਕਿ ਇਥੇ ਕਿਸੇ ਵੀ ਡਾਕਟਰ ਤੋਂ ਉਸ ਦੀ ਜਾਤੀ ਜਾਂ ਧਰਮ ਨਹੀਂ ਪੁੱਛਿਆ ਜਾਂਦਾ ਹੈ।

ਮੈਂ ਫਾਰਮ ਨਹੀਂ ਦੇਖਿਆ ਹੈ। ਪਰ ਜੇਕਰ ਉਹ ਵੰਡਿਆ ਵੀ ਗਿਆ ਹੈ ਤਾਂ ਉਸ ਦਾ ਕੋਈ ਮਤਲਬ ਨਹੀਂ ਹੈ। ਏਮਸ ਵਿਚ ਕਿਸੇ ਅਸੀਂ ਕਿਸੇ ਵੀ ਡਾਕਟਰ ਦੀ ਜਾਤੀ ਜਾਂ ਧਰਮ ਨੂੰ ਲੈ ਕੇ ਪਰੇਸ਼ਾਨ ਨਹੀਂ ਹੁੰਦੇ। ਅਜਿਹੀਆਂ ਚੀਜ਼ਾਂ ਪੁਛੱਣਾ ਵੀ ਠੀਕ ਨਹੀਂ ਹੈ। ਇਕ ਡਾਕਟਰ ਨੇ ਦੱਸਿਆ ਕਿ ਜਾਤੀ ਅਤੇ ਧਰਮ ਪੁੱਛਣ ਵਾਲਾ ਇਹ ਫਾਰਮ ਹੈਰਾਨ ਕਰ ਦੇਣ ਵਾਲਾ ਹੈ। ਹਸਪਤਾਲ ਵਿਚ ਕੰਮ ਕਰ ਰਹੇ ਡਾਕਟਰਾਂ ਦੀ ਜਾਤੀ ਅਤੇ ਧਰਮ 'ਤੇ ਉਹ ਕਿਉਂ ਗੱਲ ਕਰਨਾ ਚਾਹੁੰਦੇ ਹਨ।

ਇਥੇ ਤੱਕ ਕਿ ਦਾਖਲੇ ਦੇ ਸਮੇਂ ਵੀ ਵਿਦਿਆਰਥੀ ਅਜਿਹੇ ਸੀ ਸਵਾਲ ਖੜੇ ਕਰਦੇ ਹਨ। ਏਮਸ ਦੇ ਸਾਬਕਾ ਨਿਰਦੇਸ਼ਕ ਡਾ.ਐਮ.ਸੀ. ਮਿਸ਼ਰਾ ਨੇ ਕਿਹਾ ਕਿ ਏਮਸ ਜਿਹੀਆਂ ਸੰਸਥਾਵਾਂ ਵਿਚ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਸੱਭ ਕੁਝ ਨਹੀਂ ਪੁੱਛਿਆ ਜਾਣਾ ਚਾਹੀਦਾ। ਫੈਕਲਟੀ ਸੈੱਲ ਵਿਚ ਪ੍ਰਸ਼ਾਸਨਿਕ ਕੰਮਕਾਜ ਦੇ ਮੁਖੀ ਡਾ.ਸੰਜੇ ਆਰਿਆ ਨੇ ਦੱਸਿਆ

ਕਿ ਅਸੀਂ ਸਾਰੇ ਸੀਨੀਅਰ ਡਾਕਟਰਾਂ ਦਾ ਡਾਟਾਬੇਸ ਬਣਾਉਣ ਲਈ ਇਹ ਫਾਰਮ ਭੇਜੇ ਸਨ। ਇਸ ਵਿਚ ਜਾਤੀ ਅਤੇ ਧਰਮ ਪੁੱਛਣ ਦਾ ਕੋਈ ਮਤਲਬ ਨਹੀਂ ਬਣਦਾ ਹੈ। ਫਾਰਮ ਵਿਚ ਜੁੜੇ ਇਹ ਸਵਾਲ ਗਲਤੀ ਨਾਲ ਜੁੜੇ ਹਨ ਜਿਹਨਾਂ ਨੂੰ ਛੇਤੀ ਹੀ ਸਹੀ ਕੀਤਾ ਜਾਵੇਗਾ।