ਰਾਫੇਲ 'ਤੇ ਗੋਆ ਦੇ ਮੰਤਰੀ ਦਾ ਵਾਇਰਲ ਆਡਿਓ ਸੱਚ ਕਿਉਂਕਿ ਐਫਆਈਆਰ ਨਹੀਂ ਹੋਈ ਦਰਜ : ਰਾਹੁਲ ਗਾਂਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟੇਪ ਸਾਹਮਣੇ ਆਉਣ ਤੋਂ 30 ਦਿਨ ਬਾਅਦ ਵੀ ਕੋਈ ਐਫਆਈਆਰ ਦਰਜ ਨਹੀਂ ਹੋਈ ਅਤੇ ਅਜਿਹੇ ਵਿਚ ਇਹ ਪੱਕਾ ਹੋ ਗਿਆ ਹੈ ਕਿ ਇਹ ਟੇਪ ਅਸਲੀ ਹੈ। 

Rahul Gandhi

ਨਵੀਂ ਦਿੱਲੀ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਕਿਹਾ ਕਿ ਰਾਫੇਲ ਮਾਮਲੇ ਨੂੰ ਲੈ ਕੇ ਗੋਆ ਦੇ ਇਕ ਮੰਤਰੀ ਦੀ ਕਥਿਤ ਗੱਲਬਾਤ ਵਾਲਾ ਆਡਿਓ ਟੇਪ ਸਾਹਮਣੇ ਆਉਣ ਤੋਂ 30 ਦਿਨ ਬਾਅਦ ਵੀ ਕੋਈ ਐਫਆਈਆਰ ਦਰਜ ਨਹੀਂ ਹੋਈ ਅਤੇ ਅਜਿਹੇ ਵਿਚ ਇਹ ਪੱਕਾ ਹੋ ਗਿਆ ਹੈ ਕਿ ਇਹ ਟੇਪ ਅਸਲੀ ਹੈ ਅਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਕੋਲ ਰਾਫੇਲ ਸਬੰਧੀ ਵਿਸਫੋਟਕ ਗੁਪਤ ਜਾਣਕਾਰੀਆਂ ਹਨ।

ਗੋਆ ਸਰਕਾਰ ਦੇ ਮੰਤਰੀ ਵਿਸ਼ਵਜੀਤ ਰਾਣੇ ਨਾਲ ਜੁੜੀ ਖ਼ਬਰ ਨੂੰ ਰੀ-ਟਵੀਟ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਰਾਫੇਲ 'ਤੇ ਆਡਿਓ ਟੇਪ ਰਿਲੀਜ਼ ਹੋਣ ਤੋਂ ਬਾਅਦ ਵੀ ਨਾ ਤਾਂ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਜਾਂਚ ਦੇ ਹੁਕਮ ਦਿਤੇ ਗਏ। ਮੰਤਰੀ ਵਿਰੁਧ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਨਿਰਧਾਰਤ ਹੈ ਕਿ ਇਹ ਟੇਪ ਅਸਲੀ ਹੈ ਅਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਕੋਲ ਰਾਫੇਲ ਸਬੰਧੀ ਗੁਪਤ ਜਾਣਕਾਰੀਆਂ ਹਨ।

ਜੋ ਪ੍ਰਧਾਨ ਮੰਤਰੀ ਦੇ ਮੁਕਾਬਲੇ ਉਹਨਾਂ ਨੂੰ ਤਾਕਤਵਰ ਬਣਾਉਂਦੀਆਂ ਹਨ। ਦਰਅਸਲ ਕਾਂਗਰਸ ਨੇ ਬੀਤੀ ਦੋ ਜਨਵਰੀ ਨੂੰ ਇਕ ਆਡਿਓ ਜਾਰੀ ਕੀਤਾ ਸੀ। ਜਿਸ ਵਿਚ ਗੋਆ ਸਰਕਾਰ ਦੇ ਮੰਤਰੀ ਵਿਸ਼ਵਜੀਤ ਰਾਣੇ ਦੀ ਅਵਾਜ਼ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਵਿਚ ਰਾਣੇ ਕਥਿਤ ਤੌਰ 'ਤੇ ਇਹ ਕਹਿੰਦੇ ਹੋਏ

ਸੁਣੇ ਜਾ ਸਕਦੇ ਹਨ ਕਿ ਮੁੱਖ ਮੰਤਰੀ ਪਰੀਕਰ ਨੇ ਕੈਬਿਨਟ ਦੀ ਬੈਠਕ ਵਿਚ ਕਿਹਾ ਕਿ ਮੇਰੇ ਬੈੱਡਰੂਮ ਵਿਚ ਰਾਫੇਲ ਮਾਮਲੇ ਸਬੰਧੀ ਜਾਣਕਾਰੀਆਂ ਹਨ। ਬਾਅਦ ਵਿਚ ਰਾਣੇ ਨੇ ਆਡਿਓ ਟੇਪ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਇਸ ਟੇਪ ਨਾਲ ਛੇੜਛਾੜ ਕੀਤੀ ਗਈ ਹੈ।