ਹਵਾਈ ਸਫ਼ਰ ਕਰਨ ਵਾਲਿਆਂ ਨੂੰ ਲੱਗੇਗਾ ਝਟਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਮਹਿੰਗਾ ਹੋਵੇਗਾ ਹਵਾਈ ਸਫ਼ਰ

Photo

ਨਵੀਂ ਦਿੱਲੀ: ਜੇਕਰ ਤੁਸੀਂ ਅਕਸਰ ਹਵਾਈ ਸਫਰ ਕਰਦੇ ਹੋ ਜਾਂ ਹਵਾਈ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਅਪ੍ਰੈਲ ਮਹੀਨੇ ਤੋਂ ਹਵਾਈ ਸਫਰ ਮਹਿੰਗਾ ਹੋਣ ਵਾਲਾ ਹੈ। ਹਵਾਈ ਸਫਰ ਵਿਚ ਵਾਧੇ ਦਾ ਕਾਰਨ ਏਅਰਪੋਰਟ ਨੈਵੀਗੇਸ਼ਨ ਚਾਰਜ ਹੈ। ਅਪ੍ਰੈਲ ਮਹੀਨੇ ਤੋਂ ਏਅਰਪੋਰਟ ਨੈਵੀਗੇਸ਼ਨ ਚਾਰਜ ਵਿਚ 4 ਫੀਸਦੀ ਦਾ ਵਾਧਾ ਹੋ ਸਕਦਾ ਹੈ।

ਸਿਵਲ ਏਵੀਏਸ਼ਨ ਮੰਤਰਾਲੇ ਨੇ ਇਸ ਦੇ ਲਈ ਕੰਸਲਟੇਸ਼ਨ ਪੇਪਰ ਜਾਰੀ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਸਾਲ 2024-25 ਤੋਂ ਇਸ ਨੂੰ 4 ਫੀਸਦੀ ਹੋਰ ਵਧਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਦੱਸ ਦਈਏ ਕਿ ਏਅਰਪੋਰਟ ਨੈਵੀਗੇਸ਼ਨ ਸਹੂਲਤ ਦੇਣ ਲਈ ਏਅਰਪੋਰਟ ਨੈਵੀਗੇਸ਼ਨ ਚਾਰਜ ਲਗਾਇਆ ਜਾਂਦਾ ਹੈ।

ਇਸ ਤੋਂ ਬਾਅਦ ਇਸ ਚਾਰਜ ਨੂੰ ਹਵਾਈ ਯਾਤਰੀਆਂ ਕੋਲੋਂ ਪ੍ਰਤੀ ਫਲਾਈਟ ਦੇ ਅਧਾਰ ‘ਤੇ ਲਿਆ ਜਾਂਦਾ ਹੈ। ਮੰਤਰਾਲੇ ਦੇ ਇਸ ਪ੍ਰਸਤਾਵ ‘ਤੇ ਆਖਰੀ ਫੈਸਲੇ ਲਈ ਅਗਲੇ ਹਫਤੇ ਇਕ ਬੈਠਕ ਹੋਵੇਗੀ। ਦੱਸ ਦਈਏ ਕਿ ਪਿਛਲੇ 20 ਸਾਲਾਂ ਤੋਂ ਨੈਵੀਗੇਸ਼ਨ ਸਹੂਲਤ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਹਵਾਈ ਕੰਪਨੀਆਂ ਗ੍ਰਾਹਕਾਂ ਲਈ ਘੱਟ ਕੀਮਤ ‘ਤੇ ਟਿਕਟ ਮੁਹੱਈਆ ਕਰਾ ਰਹੀਆਂ ਹਨ। ਸਰਕਾਰ ਇਸ ਗੱਲ ਤੋਂ ਚਿੰਤਤ ਹੈ ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਹੋਰ ਹਵਾਈ ਕੰਪਨੀਆਂ ਵੀ ਬੰਦ ਹੋ ਸਕਦੀਆਂ ਹਨ ਪਰ ਇਸ ਦੌਰਾਨ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ ਕਿ ਸਰਕਾਰ ਹਵਾਈ ਕਿਰਾਏ ਨੂੰ ਨਿਯਮਤ ਕਰੇਗੀ।

ਹਰਦੀਪ ਪੁਰੀ ਦਾ ਇਹ ਬਿਆਨ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਹਵਾਈ ਕੰਪਨੀਆਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਆਇਆ ਸੀ। ਪੁਰੀ ਨੇ ਕਿਹਾ ਸੀ ਕਿ, ‘ਇਕ ਖ਼ਾਸ ਗੱਲ ‘ਤੇ ਅਸੀਂ ਧਿਆਨ ਦਿੱਤਾ ਹੈ ਕਿ 20 ਸਾਲ ਪਹਿਲਾਂ ਦਿੱਲੀ ਤੋਂ ਮੁੰਬਈ ਰੂਟ ‘ਤੇ ਜੋ ਔਸਤ ਕਿਰਾਇਆ 5,100 ਰੁਪਏ ਸੀ, ਉਹ ਹੁਣ ਘਟ ਕੇ ਔਸਤ 4,600 ਰੁਪਏ ਰਹਿ ਗਿਆ ਹੈ। ਇਸ ਦਾ ਮਤਲਬ ਹੈ ਕਿ ਹਵਾਈ ਕੰਪਨੀਆਂ ਕਾਸਟ ਤੋਂ ਵੀ ਘੱਟ ਕੀਮਤਾਂ ਵਿਚ ਟਿਕਟਾਂ ਵੇਚ ਰਹੀਆਂ ਹਨ’।