ਵੈਨਕੂਵਰ ਤੋਂ ਹਵਾਈ ਉਡਾਣਾਂ ਪਛੜੀਆਂ, ਸਕਾਈ ਟ੍ਰੇਨਾਂ ਨੂੰ ਵੀ ਕੁੱਝ ਘੰਟੇ ਲਗੀਆਂ ਬਰੇਕਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਕੂਲਾਂ, ਕਾਲਜਾਂ 'ਚ ਵੀ ਅਚਨਚੇਤ ਕੀਤੀਆਂ ਛੁੱਟੀਆਂ

Photo

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਬ੍ਰਿਟਿਸ਼ ਕੇਲੰਬੀਆ ਸੂਬੇ 'ਚ ਬਰਫਬਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਾਰਨ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਚੱਲਣ ਕਾਰਨ ਆਮ ਜਨਜੀਵਨ ਕਾਫੀ ਹੱਦ ਤਕ ਪ੍ਰਭਾਵਤ ਹੋਇਆ ਹੈ। ਮੌਸਮ ਦੇ ਬਦਲੇ ਮਿਜਾਜ ਕਾਰਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਂਨਗਰ ਵੈਨਕੂਵਰ, ਸਰੀ, ਐਫਸਫੋਰਡ, ਰਿਚਮੰਡ, ਵਾਈਟ ਰੌਕ, ਵਿਸਲਰ, ਲੈਂਗਲੀ ਅਤੇ ਕੁਝ ਇਲਾਕਿਆਂ 'ਚ ਸਥਿਤ ਕਾਲਜਾਂ ਅਤੇ ਯੂਨੀਵਰਸਿਟੀ 'ਚ ਐਮਰਜੈਂਸੀ ਹਲਾਤਾਂ ਦੇ ਮੱਦੇਨਜ਼ਰ ਛੁੱਟੀਆਂ ਕਰ ਦਿਤੀਆਂ ਗਈਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਉਕਤ ਸ਼ਹਿਰਾਂ 'ਚ ਰੁਕ ਰੁਕ ਕੇ ਹੋ ਰਹੀ ਬਰਫਬਾਰੀ ਕਾਰਨ ਸਬੰਧਿਤ ਰਾਹਗੀਰਾਂ ਨੂੰ ਆਪਣੇ ਵਾਹਨ ਚਲਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਵੱਖ ਵੱਖ ਸ਼ਹਿਰਾਂ 'ਚ ਸੜਕਾਂ ਤੋਂ ਬਰਫ ਹਟਾਉਣ ਲਈ ਕਾਰਜਸ਼ੀਲ ਸਰਕਾਰੀ ਵਾਹਨਾਂ 'ਚ ਸਬੰਧਿਤ ਮੁਲਾਜ਼ਮ ਵੀ ਬਰਫ ਤੋਂ ਤਿਲਕਣ ਕਾਰਨ ਹੁਣ ਤੀਕ ਤਕਰੀਬਨ ਦੋ ਦਰਜਨ ਤੋਂ ਵਧੇਰੇ ਮਾਮੂਲੀ ਸੜਕੀ ਹਾਦਸੇ ਵਾਪਰਨ ਦੀ ਵੀ ਸੂਚਨਾ ਮਿਲੀ ਹੈ।

ਵੈਨਕੂਵਰ ਅਤੇ ਸਰੀ ਸਿਟੀ ਕੌਂਸਲਾਂ ਵਲੋਂ ਹੁਣ ਤੀਕ 17 ਹਜ਼ਾਰ ਟਨ ਦੇ ਕਰੀਬ ਮੋਟਾ ਨਮਕ ਵੱਖ ਵੱਖ ਸੜਕਾਂ ਅਤੇ ਜਨਤਕ ਥਾਵਾਂ 'ਤੇ ਖਿਲਾਰਿਆ ਜਾ ਚੁੱਕਾ ਹੈ। ਬਰਫਬਾਰੀ ਕਾਰਨ ਵੈਨਕੂਵਰ ਤੋਂ ਸਰੀ ਅਤੇ ਬਾਕੀ ਸ਼ਹਿਰਾਂ ਨੂੰ ਜੋੜਦੀਆਂ ਸਕਾਈ ਟਰੇਨਾਂ ਨੂੰ ਕੁਝ ਘੰਟਿਆਂ ਲਈ ਰਬਰੇਕਾਂ ਲਾਉਣੀਆਂ ਪਈਆਂ। ਇਸਦੇ ਨਾਲ ਨਾਲ ਵੈਨਕੂਵਰ ਕੌਮਾਂਤਰੀ ਅਤੇ ਲੋਕਲ ਹਵਾਈ ਅੱਡੇ ਤੋਂ ਕੁਝ ਕੁ ਹਵਾਈ ਉਡਾਣਾਂ ਨਿਰਧਾਰਿਤ ਸਮੇਂ ਤੋਂ ਲੇਟ ਹੋਣ ਬਾਰੇ ਵੀ ਪਤਾ ਲੱਗਾ ਹੈ।

ਬਰਫਬਾਰੀ ਕਾਰਨ ਜਿਥੇ ਕਿ ਵੈਨਕੂਵਰ, ਸਰੀ ਅਤੇ ਕੁਝ ਬਾਕੀ ਇਲਾਕਿਆਂ 'ਚ ਕੁਝ ਆਮ ਕਾਰੋਬਾਰੀ ਅਦਾਰੇ ਲਗਭਗ ਬੰਦ ਨਜ਼ਰੀਂ ਆਏ, ਉਥੇ ਵਾਹਨਾਂ ਦੀ ਭੀੜ ਨਾਲ ਹਰ ਵੇਲੇ ਭਰੀਆਂ ਰਹੀਆਂ ਸੜਕਾਂ 'ਤੇ ਵੀ ਬੇਰੌਣਕੀ ਵਾਲਾ ਮਾਹੌਲ ਛਾਇਆ ਨਜ਼ਰੀਂ ਪਿਆ।

ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨਾਂ ਤਕ ਹੋਰ ਬਰਫਬਾਰੀ ਹੋਣ ਦੀ ਚਿਤਾਵਨੀ ਵੀ ਦਿਤੀ ਗਈ ਹੈ। ਬਰਫਬਾਰੀ ਕਾਰਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਨੁਕਸਾਨ ਤੋਂ ਬਚਾਅ ਲਈ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਚੌਕਸੀ ਦੀਆਂ ਹਦਾਇਤਾਂ ਵੀ ਨਾਲੋਂ ਨਾਲੋ ਜਾਰੀ ਕੀਤੀਆਂ ਜਾ ਰਹੀਆਂ ਹਨ।