ਵਾਰ-ਵਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਨਹੀਂ ਮਾਰ ਸਕਣਗੇ 'ਵਿਦੇਸ਼ ਉਡਾਰੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਤਿਆਰ ਕੀਤੀ ਵਿਸ਼ੇਸ਼ ਯੋਜਨਾ

file photo

ਲੁਧਿਆਣਾ : ਸਰਕਾਰ ਵਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਕੇਲ ਕੱਸਣ ਲਈ ਜੁਰਮਾਨਿਆਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਅਜਿਹੇ ਸ਼ਖ਼ਸ ਵੀ ਹਨ ਜੋ ਵਾਰ-ਵਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਅਪਣੀ ਵਡਿਆਈ ਸਮਝਦੇ ਹਨ। ਅਜਿਹੇ ਲੋਕਾਂ 'ਤੇ ਸਿਕੰਜ਼ਾ ਕੱਸਣ ਲਈ ਲੁਧਿਆਣਾ ਪੁਲਿਸ ਨੇ ਇਨ੍ਹਾਂ ਦੀ ਦੁਖਦੀ ਰਗ ਨੱਪਣ ਦਾ ਅਸਾਨ ਤਰੀਕਾ ਲੱਭ ਲਿਆ ਹੈ।

ਸੂਤਰਾਂ ਅਨੁਸਾਰ ਸੜਕਾਂ 'ਤੇ ਹੜਕਮ ਮਚਾਉਣ ਵਾਲੇ ਜ਼ਿਆਦਾਤਰ ਨੌਜਵਾਨਾਂ ਅੰਦਰ ਵਿਦੇਸ਼ ਉਡਾਰੀ ਮਾਰਨ ਦਾ ਜਨੂੰਨ ਵੀ ਬਹੁਤ ਜ਼ਿਆਦਾ ਹੁੰਦਾ ਹੈ। ਇਸੇ ਤਹਿਤ ਲੁਧਿਆਣਾ ਵਿਖੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਪੁਲਿਸ ਕਮਿਸ਼ਨਰ ਵਲੋਂ ਇਹ ਵਿਸ਼ੇਸ਼ ਪਲਾਨ ਤਿਆਰ ਕੀਤਾ ਗਿਆ ਹੈ।

ਪੁਲਿਸ ਨੇ ਹੁਣ ਵਾਰ ਵਾਰ ਟ੍ਰ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਨ ਬਣਾ ਲਿਆ ਹੈ। ਇਸ ਪਲਾਨ ਤਹਿਤ ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦਾ ਡਾਟਾ ਕੈਨੇਡਾ, ਬਰਤਾਨੀਆ, ਅਮਰੀਕਾ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਦੀਆਂ ਅੰਬੈਸੀਆਂ ਵਿਚ ਭੇਜ ਦਿਤਾ ਜਾਵੇਗਾ।

ਬਾਹਰੇ ਮੁਲਕਾਂ ਅੰਦਰ ਟ੍ਰੈਫ਼ਿਕ ਨਿਯਮਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸੇ ਕਾਰਨ ਜਦੋਂ ਅਜਿਹੇ ਲੋਕ ਇਨ੍ਹਾਂ ਦੇਸ਼ਾਂ ਦਾ ਵੀਜ਼ਾ ਲੈਣ ਲਈ ਅਪਲਾਈ ਕਰਨਗੇ ਤਾਂ ਉਨ੍ਹਾਂ ਨੂੰ ਵੀਜ਼ਾ ਲੈਣ 'ਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਇੱਥੋਂ ਤਕ ਕਿ ਇਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਵੀਜ਼ਾ ਰੱਦ ਵੀ ਹੋ ਸਕਦਾ ਹੈ।

ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਵਾਲਿਆਂ ਦਾ ਡਾਟਾ ਵੀ ਅੰਬੈਸੀ ਨੂੰ ਭੇਜਣ ਦੀ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਟ੍ਰੈਫ਼ਿਕ ਨਿਯਮਾਂ ਨੂੰ ਟਿੱਚ ਜਾਣ ਵਾਲਿਆਂ ਨੂੰ ਹੁਣ ਸੋ ਵਾਰ ਸੋਚਣਾ ਪਵੇਗਾ।