26 ਜਨਵਰੀ ਦੀ ਹਿੰਸਾ ਤੋਂ ਬਾਅਦ ਵੀ ਅੰਦੋਲਨ ਕਿਸੇ ਹਾਲ 'ਚ ਖਤਮ ਨਹੀਂ ਹੋ ਸਕਦਾ- ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਦਾ ਐਲਾਨ, ਆਉਣ ਵਾਲੇ ਦੋ ਸਾਲਾਂ ਦੌਰਾਨ 6 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ

AAP to contest elections in 6 states, says Arvind Kejriwal

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰੀਸ਼ਦ ਦੀ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਤੋਂ ਬਾਅਦ ਵੀ ਅੰਦੋਲਨ ਕਿਸੇ ਹਾਲ 'ਚ ਖਤਮ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਐਲ਼ਾਨ ਕੀਤਾ ਕਿ ਪਾਰਟੀ ਆਉਣ ਵਾਲੇ ਦੋ ਸਾਲਾਂ ਦੌਰਾਨ 6 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਲੜੇਗੀ।

ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣਾਂ ਲੜੇਗੀ। ਦੱਸ ਦਈਏ ਕਿ ਪੰਜਾਬ ਅਤੇ ਗੋਆ ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਲੜ ਚੁੱਕੀ ਹੈ। ਸੀਐਮ ਕੇਜਰੀਵਾਲ ਨੇ ਕਿਹਾ ਅੱਜ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। 70 ਸਾਲਾਂ ਤੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਕਿਸਾਨਾਂ ਨੂੰ ਧੋਖਾ ਦਿੱਤਾ। ਪਿਛਲੇ 25 ਸਾਲਾਂ ਦੌਰਾਨ ਸਾਢੇ ਤਿੰਨ ਲੱਖ ਲੋਕਾਂ ਨੇ ਆਤਮ ਹੱਤਿਆ ਕੀਤੀ। ਕਿਸੇ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ।

ਨਵੇਂ ਖੇਤੀ ਕਾਨੂੰਨਾਂ ‘ਤੇ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਜ਼ਰੀਏ ਕਿਸਾਨਾਂ ਕੋਲੋਂ ਉਹਨਾਂ ਦੀ ਖੇਤੀ ਖੋਹ ਕੇ ਪੂੰਜੀਪਤੀਆਂ ਨੂੰ ਸੌਂਪਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹੁਣ ਕਿਸਾਨ ਦੀ ਹੋਂਦ ਦਾ ਸਵਾਲ ਹੈ। ਇਹੀ ਕਾਰਨ ਹੈ ਕਿ ਉਹ ਕੜਾਕੇ ਦੀ ਠੰਢ ਵਿਚ ਸੜਕਾਂ ‘ਤੇ ਬੈਠੇ ਹਨ।

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਸਾਨ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ‘ਤੇ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ, ’26 ਜਨਵਰੀ ਨੂੰ ਜੋ ਵੀ ਹੋਇਆ ਉਹ ਮੰਦਭਾਗਾ ਹੈ ਅਤੇ ਜੋ ਵੀ ਨੇਤਾ ਜਾਂ ਪਾਰਟੀ ਇਸ ਵਿਚ ਸ਼ਾਮਲ ਸੀ, ਉਹਨਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਉਸ ਦਿਨ ਹੋਇਆ, ਉਸ ਨਾਲ ਇਹ ਅੰਦੋਲਨ ਖਤਮ ਨਹੀਂ ਹੋ ਸਕਦਾ। ਅਸੀਂ ਸਾਰਿਆਂ ਨੇ ਮਿਲ ਕੇ ਸ਼ਾਂਤੀ ਨਾਲ ਕਿਸਾਨਾਂ ਦਾ ਸਾਥ ਦੇਣਾ ਹੈ’।

ਉਹਨਾਂ ਨੇ ਅਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਜਦੋਂ ਵੀ ਕਿਸਾਨਾਂ ਦੇ ਕੋਲ ਜਾਣ ਤਾਂ ਅਪਣਾ ਝੰਡਾ ਅਤੇ ਟੋਪੀ ਛੱਡ ਕੇ ਆਮ ਨਾਗਰਿਕ ਬਣ ਕੇ ਉਹਨਾਂ ਕੋਲ ਜਾਣ। ਉੱਥੇ ਕੋਈ ਰਾਜਨੀਤੀ ਨਾ ਕੀਤੀ ਜਾਵੇ।