ਬਾਗਪਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਦੀ ਕਾਰਵਾਈ, ਰਾਤੋ-ਰਾਤ ਕਿਸਾਨਾਂ ਨੂੰ ਖਦੇੜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਐਨਐਚਏਆਈ (NHAI) ਦੇ ਨੋਟਿਸ ਦਾ ਦਿੱਤਾ ਹਵਾਲਾ

Protesters Vacated From Site In Baghpat

ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ ਮੌਕੇ ਦਿੱਲੀ ਵਿਖੇ ਹੋਈ ਹਿੰਸਾ ਤੋਂ ਬਾਅਦ ਕਈ ਥਾਈਂ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਦੌਰਾਨ ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਇਕ ਹਾਈਵੇਅ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰਾਤੋ-ਰਾਤ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਖ਼ਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੂਪੀ ਪੁਲਿਸ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਨੋਟਿਸ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਹੈ। ਇਸ ਨੋਟਿਸ ਵਿਚ ਨਿਰਮਾਣ ਗਤੀਵਿਧੀਆਂ ਵਿਚ ਦੇਰੀ ਹੋਣ ਦੀ ਗੱਲ ਕਹੀ ਗਈ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਾਗਪਤ ਦੇ ਏਡੀਐਮ ਅਮਿਤ ਕੁਮਾਰ ਸਿੰਘ ਨੇ ਕਿਹਾ, ‘ਐਨਐਚਏਆਈ ਨੇ ਸਾਨੂੰ ਇਕ ਚਿੱਠੀ ਲਿਖੀ ਸੀ, ਜਿਸ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਚਲਦਿਆਂ ਸੜਕ ਨਿਰਮਾਣ ਗਤੀਵਿਧੀਆਂ ਵਿਚ ਦੇਰੀ ਹੋਣ ਦੀ ਗੱਲ ਕਹੀ ਗਈ ਸੀ। ਅਸੀਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਦਿੱਤਾ ਹੈ’।

ਜ਼ਿਕਰਯੋਗ ਹੈ ਕਿ ਇਹ ਕਿਸਾਨ ਬੀਤੇ 40 ਦਿਨਾਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸਾਨਾਂ ‘ਤੇ ਕਿਸੇ ਵੀ ਤਰ੍ਹਾਂ ਦੀ ਫੋਰਸ ਨਹੀਂ ਵਰਤੀ।

ਦੱਸ ਦਈਏ ਕਿ ਇਸ ਤੋਂ ਇਲ਼ਾਵਾ ਹਰਿਆਣਾ ਵਿਚ ਵੀ ਦਿੱਲੀ-ਜੈਪੁਰ ਹਾਈਵੇਅ ਦੇ ਇਕ ਪ੍ਰਦਰਸ਼ਨ ਵਾਲੀ ਥਾਂ ਤੋਂ ਕਿਸਾਨਾਂ ਨੂੰ ਹਟਾਉਣ ਦੀ ਮੰਗ ਉੱਠੀ ਸੀ। ਬੁੱਧਵਾਰ ਨੂੰ ਆਈ ਖ਼ਬਰ ਮੁਤਾਬਕ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿਚ ਘੱਟੋ ਘੱਟ 15 ਪਿੰਡਾਂ ਦੀ ਇਕ ਪੰਚਾਇਤ ਨੇ ਦਿੱਲੀ-ਜੈਪੁਰ ਰਾਸ਼ਟਰੀ ਰਾਜ ਮਾਰਗ ‘ਤੇ ਡਟੇ ਕਿਸਾਨਾਂ ਨੂੰ 24 ਘੰਟਿਆਂ ਅੰਦਰ ਸੜਕ ਖਾਲੀ ਕਰਨ ਲਈ ਕਿਹਾ ਹੈ।