ਦੁਸ਼ਮਣ ਵਿਰੁੱਧ ਹਰ ਭਾਰਤੀ ਕੰਧ ਬਣ ਕੇ ਖਲੋ ਜਾਵੇ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਤਿਵਾਦੀ ਹਮਲੇ ਦੇ ਨਾਲ-ਨਾਲ ਦੁਸ਼ਮਣ ਦਾ ਮਕਸਦ ਹੁੰਦਾ ਹੈ ਕਿ ਸਾਡੀ ਤਰੱਕੀ ਰੁਕ ਜਾਵੇ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਤਿਵਾਦੀ ਹਮਲੇ ਦੇ ਨਾਲ-ਨਾਲ ਦੁਸ਼ਮਣ ਦਾ ਮਕਸਦ ਹੁੰਦਾ ਹੈ ਕਿ ਸਾਡੀ ਤਰੱਕੀ ਰੁਕ ਜਾਵੇ, ਗਤੀ ਰੁਕ ਜਾਵੇ, ਦੇਸ਼ ਰੁਕ ਜਾਵੇ ਅਤੇ ਉਸ ਦੇ ਇਸ ਮਕਸਦ ਸਾਹਮਣੇ ਹਰ ਭਾਰਤੀ ਨੂੰ ਕੰਧ ਬਣ ਕੇ ਖਲੋ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਕਿ ਜਦ ਭਾਰਤੀ ਹਵਾਈ ਫ਼ੌਜ ਦੁਆਰਾ ਪਾਕਿਸਤਾਨ ਵਿਚ ਜੈਸ਼ ਏ ਮੁਹੰਮਦ ਦੇ ਅਤਿਵਾਦੀ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਹਵਾਈ ਸਰਹੱਦ ਦੀ ਉਲੰਘਣਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, 'ਅਸੀਂ ਇਕ ਹੋ ਕੇ ਲੜਾਂਗੇ, ਇਕ ਹੋ ਕੇ ਕੰਮ ਕਰਾਂਗੇ, ਇਕ ਹੋ ਕੇ ਜਿੱਤਾਂਗੇ ਅਤੇ ਕੋਈ ਵੀ ਸਾਡੀ ਤਰੱਕੀ ਵਿਚ ਅੜਿੱਕਾ ਨਹੀਂ ਡਾਹ ਸਕਦਾ।' ਮੋਦੀ ਨੇ 'ਮੇਰਾ ਬੂਥ, ਸੱਭ ਤੋਂ ਮਜ਼ਬੂਤ' ਮੁਹਿੰਮ ਤਹਿਤ ਨਮੋ ਐਪ ਜ਼ਰੀਏ ਦੇਸ਼ ਭਰ ਦੇ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਪੂਰਾ ਦੇਸ਼ ਅੱਜ ਇਕ ਹੈ ਅਤੇ ਸਾਡੇ ਜਵਾਨਾਂ ਨਾਲ ਖਲੋਤਾ ਹੈ। ਦੇਸ਼ ਦਾ ਵੀਰ ਜਵਾਨ ਸਰਹੱਦ 'ਤੇ ਅਤੇ ਸਰਹੱਦ ਪਾਰ ਵੀ ਅਪਣਾ ਜਲਵਾ ਵਿਖਾ ਰਿਹਾ ਹੈ। ਪੂਰਾ ਦੇਸ਼ ਅੱਜ ਫ਼ੌਜ ਨਾਲ ਖੜਾ ਹੈ।' ਮੋਦੀ ਨੇ ਕਾਰਕੁਨਾਂ ਨੂੰ ਕਿਹਾ ਕਿ 2019 ਦੀਆਂ ਚੋਣਾਂ ਭਾਰਤ ਦੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਦਾ ਜਨਮਤ ਹੋਵੇਗਾ। ਉਨ੍ਹਾਂ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਨੂੰ 'ਮਹਾਂਮਿਲਾਵਟ' ਦਸਿਆ।
ਉਨ੍ਹਾਂ ਕਿਹਾ, 'ਪੂਰਾ ਦੇਸ਼ ਅੱਜ ਇਕ ਹੈ ਅਤੇ ਸਾਡੇ ਜਵਾਨਾਂ ਨਾਲ ਖੜਾ ਹੈ। ਦੁਨੀਆਂ ਸਾਡੀ ਸਮੂਹਕ ਇੱਛਾ ਸ਼ਕਤੀ ਵੇਖ ਰਹੀ ਹੈ। ਅਪਣੀਆਂ ਫ਼ੌਜਾਂ 'ਤੇ ਸਾਨੂੰ ਭਰੋਸਾ ਹੈ। ਇਸ ਲਈ ਜ਼ਰੂਰੀ ਹੈ ਕਿ ਅਜਿਹਾ ਕੁੱਝ ਨਾ ਕੀਤਾ ਜਾਵੇ ਜਿਸ ਨਾਲ ਉਨ੍ਹਾਂ ਦੇ ਹੌਸਲੇ ਨੂੰ ਸੱਟ ਵੱਜੇ ਅਤੇ ਦੁਸ਼ਮਣ ਨੂੰ ਸਾਡੇ 'ਤੇ ਉਂਗਲ ਚੁੱਕਣ ਦਾ ਮੌਕਾ ਮਿਲ ਜਾਵੇ।' ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਅੱਜ ਉਤਸ਼ਾਹ ਨਾਲ ਭਰਿਆ ਹੋਇਆ ਹੈ। ਦੇਸ਼ ਦੇ ਕਿਸਾਨ ਤੋਂ ਲੈ ਕੇ ਜਵਾਨ ਤਕ ਨੂੰ ਇਹ ਵਿਸ਼ਵਾਸ ਮਿਲਿਆ ਹੈ ਕਿ ਅਸੰਭਵ ਹੁਣ ਸੰਭਵ ਹੈ। (ਏਜੰਸੀ)