ਪੰਜ ਸੂਬਿਆਂ ਦੀਆਂ ਚੋਣਾਂ ਦੇ ਐਲਾਨ ਦਰਮਿਆਨ ਹੋ ਰਹੀਆਂ ਮਹਾਂ ਪੰਚਾਇਤਾਂ ਨੇ ਵਧਾਈ ਭਾਜਪਾ ਦੀ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਕਿਸਾਨ ਯੂਨੀਅਨ ਵੱਲੋਂ 28 ਫਰਵਰੀ ਤੋਂ 22 ਮਾਰਚ ਤਕ ਉਲੀਕਿਆ ਪ੍ਰੋਗਰਾਮ

farmers mahapanchayat

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ 'ਤੇ ਜਾਰੀ ਕਿਸਾਨੀ ਸੰਘਰਸ਼ ਨੂੰ ਤਿੰਨ ਮਹੀਨੇ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ। ਸਰਕਾਰ ਦੇ ਕਾਨੂੰਨਾਂ ਨੂੰ ਡੇਢ ਸਾਲ ਲਈ ਸਸਪੈਂਡ ਕਰ ਕੇ ਕਮੇਟੀ ਬਣਾਉਣ ਦੇ ਪ੍ਰਸਤਾਵ ਨੂੰ ਕਿਸਾਨ ਮੁਢੋਂ ਹੀ ਨਕਾਰ ਚੁੱਕੇ ਹਨ, ਜਿਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਠੰਡੇ ਬਸਤੇ ਵਿਚ ਪੈ ਚੁੱਕਾ ਹੈ। 26/1 ਦੀ ਘਟਨਾ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਅੰਦਰ ਦਾਖਲ ਹੋ ਕੇ ਸਰਕਾਰ 'ਤੇ ਦਬਾਅ ਬਣਾਉਣ ਦੀ ਰਣਨੀਤੀ ਨੂੰ ਬਦਲਿਆਂ ਸੰਘਰਸ਼ ਦਾ ਮੁਹਾਰ ਦੇਸ਼ ਦੇ ਪੇਂਡੂ ਖੇਤਰਾਂ ਵੱਲ ਮੋੜ ਲਿਆ ਹੈ। ਬੀਤੇ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਵੱਡੀਆਂ ਮਹਾਂਪੰਚਾਇਤਾਂ ਹੋ ਚੁੱਕੀਆਂ ਹਨ। ਮਹਾਂ ਪੰਚਾਇਤਾਂ ਵਿਚ ਜੁੜ ਰਹੀਆਂ ਵੱਡੀਆਂ ਭੀੜਾਂ ਤੋਂ ਉਤਸਾਹਿਤ ਕਿਸਾਨ ਜਥੇਬੰਦੀਆਂ ਨੇ ਇਸ ਲਹਿਰ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਲਿਜਾਣ ਦੀ ਵਿਉਂਤਬੰਦੀ ਆਰੰਭ ਦਿੱਤੀ ਹੈ। 

ਇਸੇ ਦੌਰਾਨ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਸੱਤਾਧਾਰੀ ਧਿਰ ਬਾਹਰੋਂ ਭਾਵੇਂ ਕਿਸਾਨੀ ਅੰਦੋਲਨ ਨੂੰ ਅਣਗੋਲਣ ਦਾ ਵਿਖਾਵਾ ਕਰ ਰਹੀ ਹੈ, ਪਰ ਕਿਸਾਨਾਂ ਦੀਆਂ ਮਹਾਂ ਪੰਚਾਇਤਾਂ ਵਿਚ ਹੋ ਰਹੇ ਵੱਡੇ ਇਕੱਠਾ ਨੇ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਬੀਤੇ ਦਿਨ ਵਪਾਰੀ ਵਰਗ ਨੇ ਇਕ ਦਿਨ ਦੇ ਬੰਦ ਦਾ ਸੱਦਾ ਦੇ ਕੇ ਲਾਮਬੰਦੀ ਅਰੰਭ ਦਿੱਤੀ ਹੈ। ਮਜ਼ਦੂਰ ਅਤੇ ਛੋਟੇ ਕਾਰੋਬਾਰੀ ਪਹਿਲਾਂ ਹੀ ਕਿਸਾਨੀ ਅੰਦੋਲਨ ਨਾਲ ਖੜਣ ਦਾ ਅਹਿਦ ਕਰ ਚੁੱਕੇ ਹਨ। ਇਸ ਦੌਰਾਨ ਹੋ ਰਹੀਆਂ ਮਹਾਂਪੰਚਾਇਤਾਂ ਦਾ ਮੁਹਾਰ ਚੋਣਾਂ ਵਾਲੇ ਸੂਬਿਆਂ ਵੱਲ ਹੋਣ ਦੀਆਂ ਕਿਆਸ-ਆਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਐਲਾਨ ਮੁਤਾਬਕ ਚੋਣਾਂ ਵਿਚ ਵੋਟਾਂ 27 ਮਾਰਚ ਤੋਂ ਸ਼ੁਰੂ ਹੋ ਕੇ 29 ਅਪ੍ਰੈਲ ਤਕ ਪੈਣਗੀਆਂ ਅਤੇ ਨਤੀਜੇ 2 ਮਈ ਨੂੰ ਆਉਣਗੇ।

ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਅੱਜ 28 ਫਰਵਰੀ ਤੋਂ ਲੈ ਕੇ 22 ਮਾਰਚ ਤਕ ਮਹਾਂਪੰਚਾਇਤਾਂ ਦਾ ਐਲਾਨ ਕੀਤਾ ਹੈ। ਇਸ ਨੂੰ ਵੋਟਾਂ ਤੋਂ ਪਹਿਲਾਂ ਦੀ ਲਾਮਬੰਦੀ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੇ ਮਕਸਦ ਨਾਲ ਕੀਤਾ ਹੈ। ਜਥੇਬੰਦੀਆਂ ਮੁਤਾਬਕ ਲੋਕਾਂ ਨੂੰ ਨਵੇਂ ਕਾਨੂੰਨਾਂ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।  ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂ ਰਾਕੇਸ਼ ਟਿਕੈਤ ਮਾਰਚ ਮਹੀਨੇ ਦੇਸ਼ ਵਿਚ ਹੋਣ ਵਾਲੀਆਂ ਸਾਰੀਆਂ ਮਹਾਂਪੰਚਾਇਤਾਂ ’ਚ ਸ਼ਾਮਲ ਹੋਣਗੇ। ਖਾਸ ਗੱਲ ਹੈ ਕਿ ਅਗਲੇ ਸਾਲ ਉੱਤਰ ਪ੍ਰਦੇਸ਼ ਅੰਦਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਕਿਸਾਨਾਂ ਦੀਆਂ ਮਹਾਪੰਚਾਇਤਾਂ ਨਾਲ ਬੀਜੇਪੀ ਦਾ ਵੋਟ ਬੈਂਕ ਖੁਰਦਾ ਜਾ ਰਿਹਾ ਹੈ।

ਅੱਜ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਹੋ ਰਹੀ ਮਹਾਪੰਚਾਇਤ ਵਿਚ ਵੀ ਰਾਕੇਸ਼ ਟਿਕੈਤ ਸ਼ਾਮਲ ਹੋਏ। ਭਲਕੇ ਪਹਿਲੀ ਮਾਰਚ ਨੂੰ ਊਧਮਸਿੰਘ ਨਗਰ ਦੇ ਰੁਦਰਪੁਰ ਦੀ ਮਹਾਂਪੰਚਾਇਤ ਵਿਚ ਜਾਣਗੇ। 2 ਮਾਰਚ ਨੂੰ ਰਾਜਸਥਾਨ ਦੇ ਝੁੰਨਝਨੂੰ, 3 ਮਾਰਚ ਨੂੰ ਰਾਜਸਥਾਨ ਦੇ ਨਾਗੌਰ ’ਚ ਮਹਾਂਪੰਚਾਇਤ ਹੋਣੀ ਤੈਅ ਹੈ। ਇਸ ਤੋਂ ਬਾਅਦ 5 ਮਾਰਚ ਨੂੰ ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਦੇ ਇਟਾਵਾ ਸਥਿਤ ਸੈਫ਼ਈ, 6 ਮਾਰਚ ਨੂੰ ਤੇਲੰਗਾਨਾ ਜਾਣਗੇ। 7 ਮਾਰਚ ਨੂੰ ਉਹ ਮੁੜ ਗਾਜ਼ੀਪੁਰ ਬਾਰਡਰ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ।

ਉਸ ਤੋਂ ਬਾਅਦ 8 ਮਾਰਚ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ, 10 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਦੀ ਮਹਾਪੰਚਾਇਤ ਵਿਚ ਭਾਗ ਲੈਣਗੇ। 12 ਮਾਰਚ ਨੂੰ ਉਹ ਰਾਜਸਥਾਨ ਦੇ ਜੋਧਪੁਰ, 14 ਮਾਰਚ ਨੂੰ ਮੱਧ ਪ੍ਰਦੇਸ਼ ਦੇ ਰੀਵਾ, 20, 21 ਅਤੇ 22 ਮਾਰਚ ਨੂੰ ਕਰਨਾਟਕ ਜਾਣਗੇ। ਮਹਾਂ ਪੰਚਾਇਤਾਂ ਜ਼ਰੀਏ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਅਤੇ ਸੱਤਾਧਾਰੀ ਧਿਰ ਖਿਲਾਫ ਲੋਕ ਲਹਿਰ ਖੜੀ ਕਰਨਾ ਚਾਹੁੰਦੀਆਂ ਹਨ, ਜਿਸ ਦਾ ਭਾਜਪਾ ਨੂੰ ਪੰਜ ਰਾਜਾਂ ਦੀਆਂ ਚੋਣਾਂ ਦੌਰਾਨ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ।