ਖੇਤੀ ਕਾਨੂੰਨ ਤੇ ਤੇਲ ਕੀਮਤਾਂ ਖਿਲਾਫ ਖਾਪ ਪੰਚਾਇਤ ਦਾ ਫੈਸਲਾ, ਹੁਣ 100 ਰੁਪਏ ਲੀਟਰ ਵਿਕੇਗਾ ਦੁੱਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਲੋਕਾਂ ਲਈ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਕੀਮਤਾਂ

milk rate rs 100 per litre

ਹਿਸਾਰ : ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਵੱਧ ਰਹੀਆਂ ਤੇਲ ਕੀਮਤਾਂ ਤੋਂ ਖਫਾ ਕਿਸਾਨ ਜਥੇਬੰਦੀਆਂ ਨੇ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਹਰਿਆਣਾ ਦੀ ਇਕ ਖਾਪ ਪੰਚਾਇਤ ਨੇ ਸਖਤ ਫੈਸਲੇ ਲੈਂਦਿਆਂ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਦੇ ਵਿਰੋਧ ਵਿਚ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਹਿਸਾਰ ਦੀ ਖਾਪ ਪੰਚਾਇਤ ਵੱਲੋਂ ਬੀਤੇ ਸਨਿੱਚਰਵਾਰ ਕੀਤੇ ਗਏ ਫੈਸਲੇ ਮੁਤਾਬਕ ਦੁੱਧ ਦੀ ਨਵੀਂ ਕੀਮਤ 100 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਗਈ ਹੈ।

ਪੰਚਾਇਤ ਦੇ ਬੁਲਾਰੇ ਨੇ ਕਿਹਾ ਕਿ ਅਸੀਂ 100 / ਲੀਟਰ ਦੀ ਕੀਮਤ 'ਤੇ ਦੁੱਧ ਦੇਣ ਦਾ ਫੈਸਲਾ ਕੀਤਾ ਹੈ।  ਉਨ੍ਹਾਂ ਕਿਹਾ ਕਿ ਅਸੀਂ ਡੇਅਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸਹਿਕਾਰੀ ਸਭਾਵਾਂ ਨੂੰ ਬਰਾਬਰ ਕੀਮਤਾਂ 'ਤੇ ਦੁੱਧ ਵੇਚਣ। 

ਉਨ੍ਹਾਂ ਕਿਹਾ ਕਿ ਲਏ ਗਏ ਫੈਸਲੇ ਮੁਤਾਬਕ ਜਿਹੜੇ ਦੁੱਧ ਦੀ ਖਰੀਦ ਆਪਸ ਵਿਚ ਕੀਤੀ ਜਾਵੇਗੀ, ਉਸ ਦੀ ਕੀਮਤ 55 ਤੋਂ 60 ਰੁਪਏ ਹੋਵੇਗੀ ਜਦਕਿ ਸਰਕਾਰੀ ਸਹਿਕਾਰੀ ਸਭਾਵਾਂ ਅਤੇ ਡੇਅਰੀ 'ਤੇ ਦਿੱਤੇ ਜਾਣ ਵਾਲੇ ਦੁੱਧ ਦੀ 100 ਰੁਪਏ ਪ੍ਰਤੀ ਲੀਟਰ ਹੋਵੇਗੀ।

ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਪਟਰੌਲ, ਡੀਜ਼ਲ ਅਤੇ ਗੈਸ ਦੀ ਕੀਮਤ ਇੰਨਾ ਜ਼ਿਆਦਾ ਵਧਾ ਸਕਦੀ ਹੈ ਤਾਂ ਕਿਸਾਨ ਕਿਉਂ ਨਹੀਂ ਵਧਾ ਸਕਦੇ। ਖਾਪ ਪੰਚਾਇਤ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਇਹ ਫੈਸਲਾ ਸਾਰੇ ਕਿਸਾਨਾਂ 'ਤੇ ਲਾਗੂ ਹੋਵੇਗਾ। ਸਤਰੋਲ ਖਾਪ ਦੇ ਪ੍ਰਧਾਨ ਰਮਨਿਵਾਸ ਲੋਹਾਨ ਨੇ ਕਿਹਾ ਕਿ ਅਸੀਂ ਡੇਅਰੀ ਵਿਚ ਆਮ ਰੇਟ 'ਤੇ ਦੁੱਧ ਦੇਣਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਡੇਅਰੀ ਵਿਚ ਦੁੱਧ ਦੇਵੇਗਾ, ਉਸ ਨੂੰ ਕਿਸਾਨ ਵਿਰੋਧੀ ਮੰਨਿਆ ਜਾਵੇਗਾ।

ਕਾਬਲੇਗੌਰ ਹੈ ਕਿ ਵਧਦੀਆਂ ਤੇਲ ਕੀਮਤਾਂ ਦਾ ਸਭ ਤੋਂ ਜ਼ਿਆਦਾ ਅਸਲ ਕਿਸਾਨਾਂ 'ਤੇ ਪੈ ਰਿਹਾ ਹੈ। ਟਰੈਕਟਰ ਤੋਂ ਲੈ ਕੇ ਕੰਬਾਇਨਾਂ ਅਤੇ ਸਿੰਜਾਈ ਸਮੇਤ ਕਈ ਹੋਰ ਥਾਈ ਡੀਜ਼ਲ ਦੀ ਵਰਤੋਂ ਹੁੰਦੀ ਹੈ। ਵਧਦੀਆਂ ਤੇਲ ਕੀਮਤਾਂ, ਖਾਸ ਕਰ ਕੇ ਡੀਜ਼ਲ ਦੀ ਵਧੀ ਕੀਮਤ ਦਾ ਕਿਸਾਨਾਂ ਦੀ ਆਰਥਿਕਤਾ 'ਤੇ ਵੱਡੇ ਅਸਰ ਪੈ ਰਿਹਾ ਹੈ। ਇਸ ਨਾਲ ਪਸ਼ੂਆਂ ਦੇ ਚਾਰੇ ਤੋਂ ਲੈ ਕੇ ਹਰ ਖੇਤਰ ਵਿਚ ਮਹਿੰਗਾਈ ਆ ਗਈ ਹੈ। ਤੇਲ ਕੀਮਤਾਂ ਵਿਚ ਵਾਧੇ ਖਿਲਾਫ ਕਿਸਾਨਾਂ ਨੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਦੁੱਧ ਦੀਆਂ ਕੀਮਤਾਂ ਵਧਾਉਣ ਵਾਂਗ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਂਦੇ ਫਲ, ਸਬਜ਼ੀਆਂ ਅਤੇ ਹੋਰ ਖੇਤੀ ਉਤਪਾਦਾਂ ਦੀਆਂ ਕੀਮਤਾਂ ਬਾਰੇ ਵੀ ਸਖਤ ਫੈਸਲੇ ਲਏ ਜਾ ਸਕਦੇ ਹਨ।