ਖੱਟੜ ਸਰਕਾਰ ਡੇਗਣ ਦੀ ਤਿਆਰੀ! ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕਰਨਗੀਆਂ ਖਾਪ ਪੰਚਾਇਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਹੋਈ 40 ਖਾਪਾਂ ਦੀ ਮਹਾਂ ਪੰਚਾਇਤ 

Khap panchayats of Haryana to join farmers’ protest

ਜੀਂਦ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 7ਵੇਂ ਦਿਨ ਵੀ ਜਾਰੀ ਹੈ। ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਸਮਰਥਨ ਵੀ ਮਿਲ ਗਿਆ ਹੈ। ਹਰਿਆਣਾ ਵਿਚੋਂ ਅੱਜ ਵੱਡੀ ਗਿਣਤੀ 'ਚ ਖਾਪ ਪੰਚਾਇਤਾਂ ਦਿੱਲੀ ਵੱਲ ਨੂੰ ਕੂਚ ਕਰਨ ਵਾਲੀਆਂ ਹਨ। 

ਦਰਅਸਲ ਹਰਿਆਣਾ ਦੇ ਜੀਂਦ ਵਿਚ 40 ਖਾਪ ਪੰਚਾਇਤਾਂ ਦੀ ਇਕ ਮਹਾਂ ਪੰਚਾਇਤ ਹੋਈ। ਇਸ ਮਹਾਂ ਪੰਚਾਇਤ ਵਿਚ ਕਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਹਰਿਆਣਾ ਸਰਕਾਰ ਨੂੰ ਗਿਰਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਭਾਜਪਾ ਸਰਕਾਰ ਕੋਲ ਪੂਰਨ ਬਹੁਮਤ ਨਹੀਂ ਹੈ। ਖੱਟੜ ਸਰਕਾਰ ਜੇਜੇਪੀ ਤੇ ਅਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਚੱਲ ਰਹੀ ਹੈ। ਇਕ ਆਜ਼ਾਦ ਵਿਧਾਇਕ ਨੇ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ।

ਹੁਣ ਖਾਪ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਵਿਧਾਇਕਾਂ ਨੇ ਸਰਕਾਰ ਨੂੰ ਸਮਰਥਨ ਦਿੱਤਾ ਹੈ, ਉਹਨਾਂ 'ਤੇ ਸਮਰਥਨ ਵਾਪਸ ਲੈਣ ਲਈ ਦਬਾਅ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਖਾਪ ਪੰਚਾਇਤ ਦੀ ਬੈਠਕ ਵਿਚ ਕਿਸਾਨਾਂ ਦੇ ਸਮਰਥਨ ਦੀ ਗੱਲ਼ ਵੀ ਕਹੀ ਗਈ ਹੈ। ਇਹ ਵੀ ਕਿਹਾ ਗਿਆ ਕਿ ਅੰਦੋਲਨ ਦੀ ਅਗਵਾਈ ਪੰਜਾਬ ਦੇ ਕਿਸਾਨ ਹੀ ਕਰਨਗੇ। ਖਾਪ ਪੰਚਾਇਤਾਂ ਖਾਣ-ਪੀਣ ਦੇ ਸਾਮਾਨ ਨਾਲ ਦਿੱਲੀ ਨੂੰ ਕੂਚ ਕਰਨਗੀਆਂ।