ਕੋਡ ਆਫ਼ ਕੰਡਕਟ ਲਾਗੂ ਹੋਣ ਮਗਰੋਂ 540 ਕਰੋੜ ਰੁਪਏ ਦੀ ਨਾਜ਼ਾਇਜ ਸਮਗਰੀ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

143.47 ਕਰੋੜ ਰੁਪਏ ਦੇ ਨਕਦੀ, 89.64 ਕਰੋੜ ਰੁਪਏ ਦੀ ਸ਼ਰਾਬ, 131.75 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 162.93 ਕਰੋੜ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਜ਼ਬਤ

Days Before Elections, EC Seizes Cash, Liquor, Drugs Worth Rs 540 Cr Nationwide

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ 10 ਮਾਰਚ ਤੋਂ ਕੋਡ ਆਫ਼ ਕੰਡਕਟ ਲਾਗੂ ਹੋਣ ਮਗਰੋਂ ਚੋਣ ਕਮਿਸ਼ਨ ਨੇ ਪਿਛਲੇ 15 ਦਿਨਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 143 ਕਰੋੜ ਰੁਪਏ ਦੇ ਨਕਦੀ ਜ਼ਬਤ ਕੀਤੀ ਹੈ। ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 143.47 ਕਰੋੜ ਰੁਪਏ ਦੇ ਨਕਦੀ ਤੋਂ ਇਲਾਵਾ 89.64 ਕਰੋੜ ਰੁਪਏ ਦੀ ਸ਼ਰਾਬ, 131.75 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 162.93 ਕਰੋੜ ਰੁਪਏ ਦੇ ਗਹਿਣੇ ਅਤੇ 12.20 ਕਰੋੜ ਰੁਪਏ ਦੇ ਹੋਰ ਸਾਮਾਨ ਜ਼ਬਤ ਕੀਤੇ ਗਏ ਹਨ।

ਸਾਰੇ ਸੂਬਿਆਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ 25 ਮਾਰਚ ਤਕ ਜ਼ਬਤ ਕੀਤੀ ਗਈ ਨਾਜ਼ਾਇਜ ਸਮਗਰੀ ਦੀ ਕੁਲ ਕੀਮਤ 539.99 ਕਰੋੜ ਰੁਪਏ ਦੱਸੀ ਗਈ ਹੈ। ਵੋਟਰਾਂ ਨੂੰ ਲੁਭਾਉਣ ਲਈ ਗ਼ੈਰ-ਕਾਨੂੰਨੀ ਤੌਰ 'ਤੇ ਪੈਸਾ ਅਤੇ ਸ਼ਰਾਬ ਸਮੇਤ ਹੋਰ ਚੀਜ਼ਾਂ ਦੀ ਵੰਡ ਨੂੰ ਰੋਕਣ ਦੇ ਮਕਸਦ ਨਾਲ ਕਮਿਸ਼ਨ ਵੱਲੋਂ ਗਠਿਤ ਟੀਮਾਂ ਨੇ ਵੱਖ-ਵੱਖ ਸੂਬਿਆਂ 'ਚ ਇਹ ਸਮਗਰੀ ਜ਼ਬਤ ਕੀਤੀ ਹੈ। ਇਸ ਸਮਗਰੀ ਦੀ ਸੱਭ ਤੋਂ ਵੱਧ ਮਾਤਰਾ ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਤੋਂ ਬਰਾਮਦ ਹੋਈ ਹੈ। ਇਸ ਮਾਮਲੇ 'ਚ ਦਿੱਲੀ ਦਾ ਰਿਪੋਰਟ ਕਾਰਡ ਹੁਣ ਤਕ ਸਭ ਤੋਂ ਵਧੀਆ ਰਿਹਾ ਹੈ, ਜਿੱਥੇ ਕੋਈ ਜ਼ਬਤੀ ਨਹੀਂ ਹੋਈ ਹੈ।

ਕਮਿਸ਼ਨ ਦੇ ਅੰਕੜਿਆਂ ਮੁਤਾਬਕ ਤਾਮਿਲਨਾਡੂ 'ਚ ਕੀਤੀ ਗਈ 107.24 ਕਰੋੜ ਰੁਪਏ ਦੀ ਵੱਖ-ਵੱਖ ਚੀਜ਼ਾਂ ਦੀ ਜ਼ਬਤੀ 'ਚ 36 ਕਰੋੜ ਰੁਪਏ ਨਕਦੀ ਤੋਂ ਇਲਾਵਾ 68 ਕਰੋੜ ਰੁਪਏ ਦੇ ਗਹਿਣੇ ਸ਼ਾਮਲ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਜ਼ਬਤ ਕੀਤੀ ਗਈ ਸਮਗਰੀ ਦੀ ਕੁਲ ਕੀਮਤ 104.53 ਕਰੋੜ ਰੁਪਏ ਦੱਸੀ ਜਾਂਦੀ ਹੈ। ਇਥੇ 59.04 ਕਰੋੜ ਰੁਪਏ ਦੀ ਕੀਮਤ ਦੇ ਗਹਿਣੇ, 22.56 ਕਰੋੜ ਰੁਪਏ ਕੀਮਤ ਦੀ ਨਾਜ਼ਾਇਜ ਸ਼ਰਾਬ, 14.68 ਕਰੋੜ ਰੁਪਏ ਦੇ ਹੋਰ ਨਸ਼ੇ ਅਤੇ 8.26 ਕਰੋੜ ਰੁਪਏ ਦੀ ਨਕਦੀ ਫੜੀ ਹਈ।

ਆਂਧਰਾ ਪ੍ਰਦੇਸ਼ 'ਚ ਜ਼ਬਤ ਸਮਗਰੀ ਦੀ ਕੁਲ ਕੀਮਤ 103.04 ਕਰੋੜ ਰੁਪਏ ਦੱਸੀ ਗਈ ਹੈ। ਇਸ 'ਚ 55 ਕਰੋੜ ਰੁਪਏ ਦੀ ਨਕਦੀ, 30 ਕਰੋੜ ਰੁਪਏ ਦੇ ਗਹਿਣੇ ਅਤੇ 12 ਕਰੋੜ ਰੁਪਏ ਦੀ ਨਾਜ਼ਾਇਜ ਸ਼ਰਾਬ ਸ਼ਾਮਲ ਹੈ। ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਾਲੇ ਕਮਿਸ਼ਨ ਦੀ ਜਾਂਚ ਟੀਮਾਂ ਵੱਲੋਂ ਸਾਰੇ ਸੂਬਿਆਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ 25 ਮਾਰਚ ਤਕ ਜ਼ਬਤ ਕੀਤੀ ਗਈ ਨਾਜ਼ਾਇਜ ਸਮਗਰੀ ਦੀ ਕੁਲ ਕੀਮਤ 533.99 ਕਰੋੜ ਰੁਪਏ ਦੱਸੀ ਗਈ ਹੈ।