ਚੌਥੇ ਪੜਾਅ ਵਿਚ ਸ਼ੁਰੂ ਹੋਵੇਗਾ ਅਸਲੀ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤੈਅ ਹੋਵੇਗਾ ਕਿ ਕੇਂਦਰ ਵਿਚ ਕਿਸ ਦੀ ਬਣੇਗੀ ਸਰਕਾਰ

Lok Sabha Election 2019

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਆਗਾਮੀ 29 ਅਪ੍ਰੈਲ ਨੂੰ ਹੋਣ ਵਾਲੀਆਂ ਵੋਟਾਂ ਲਈ ਪ੍ਰਚਾਰ ਕਾਰਜ ਸ਼ਨੀਵਾਰ ਨੂੰ ਬੰਦ ਹੋ ਗਿਆ ਹੈ। ਇਸ ਪੜਾਅ ਵਿਚ 9 ਰਾਜਾਂ ਦੀਆਂ 71 ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਪੜਾਅ ਦੀ ਵੋਟਿੰਗ ਤੈਅ ਕਰੇਗੀ ਕਿ ਕੇਂਦਰ ਵਿਚ ਕਿਸ ਦੀ ਸਰਕਾਰ ਬਣਨ ਵਾਲੀ ਹੈ। ਪਰ ਇਹ ਪੜਾਅ ਕਾਫੀ ਕੁਝ ਸਾਫ ਕਰ ਦੇਵੇਗਾ ਕਿ ਕੇਂਦਰ ਵਿਚ ਕਿਸ ਦੀ ਸਰਕਾਰ ਆ ਸਕਦੀ ਹੈ।

ਉਤਰ ਪ੍ਰਦੇਸ਼ ਵਿਚ 29 ਅਪ੍ਰੈਲ ਨੂੰ ਪ੍ਰਦੇਸ਼ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਪੜਾਅ ਵਿਚ ਸ਼ਾਹਜਹਾਂਪੁਰ, ਖੀਰੀ, ਹਰਦੋਈ, ਮਿਸ਼ਰਿਖ, ਉਨਾ, ਫਰੂਖਾਬਾਦ, ਇਟਾਵਾ, ਕਨੌਜ, ਕਾਨਪੁਰ, ਅਕਬਰਪੁਰ, ਜਾਲੌਨ, ਝਾਂਸੀ ਅਤੇ ਹਮੀਰਪੁਰ ਲਈ ਵਿਚ ਵੋਟਾਂ ਪੈਣਗੀਆਂ। ਇਸ ਪੜਾਅ ਵਿਚ ਕੁਲ 152 ਉਮੀਦਵਾਰ ਮੈਦਾਨ ਵਿਚ ਹਨ।

ਚੌਥੇ ਪੜਾਅ ਵਿਚ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ, ਸ਼੍ਰੀਪ੍ਰਕਾਸ਼ ਜੈਸਵਾਲ, ਉਤਰ ਪ੍ਰਦੇਸ਼ ਦੇ ਮੌਜੂਦਾ ਕੈਬਨਿਟ ਮੰਤਰੀ ਸਤਿਆਦੇਵ ਪਚੌਰੀ, ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ, ਸਾਕਸ਼ੀ ਮਹਾਰਾਜ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਰਾਮਸ਼ੰਕਰ ਕਠੇਰੀਆ ਵਰਗੇ ਰਾਜਨੀਤਿਕ ਦਿਗ਼ਜ ਆਗੂ ਚੋਣ ਮੈਦਾਨ ਵਿਚ ਉਤਰੇ ਹਨ।

2014 ਦੀਆਂ ਲੋਕ ਸਭਾ ਚੋਣਾਂ ਵਿਚ ਕਨੌਜ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ’ਤੇ ਭਾਜਪਾ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਇਸ ਪੜਾਅ ਵਿਚ ਜ਼ਿਆਦਾ ਸੀਟਾਂ ’ਤੇ ਬਸਪਾ ਅਤੇ ਸਪਾ ਦਾ ਪਲੜਾ ਭਾਰੀ ਲਗ ਰਿਹਾ ਹੈ। ਪੂਰੇ ਦੇਸ਼ ਵਿਚ ਚੋਣਾਂ ਜੋਰਾਂ ’ਤੇ ਚਲ ਰਹੀਆਂ ਹਨ। ਕਨੌਜ ਤੋਂ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਅਤੇ ਬੀਜੇਪੀ ਤੋਂ ਸੁਬਰਾਤ ਪਾਠਕ ਹਨ। ਪਿਛਲੀਆਂ ਚੋਣਾਂ ਵਿਚ ਡਿੰਪਲ ਯਾਦਵ ਨੇ ਵੱਡੇ ਮੁਕਾਬਲੇ ਵਿਚ ਸੁਬਰਾਤ ਪਾਠਕ ਨੂੰ ਹਰਾਇਆ ਸੀ।

ਸਾਲ 1998 ਤੋਂ ਇਸ ਸੀਟ ’ਤੇ ਸਪਾ ਦਾ ਕਬਜ਼ਾ ਰਿਹਾ ਹੈ। ਕਾਨਪੁਰ ਸੀਟ ਤੋਂ ਪਿਛਲੀ ਵਾਰ ਬੀਜੇਪੀ ਦੇ ਸੀਨੀਅਰ ਆਗੂ ਡਾ. ਮੁਰਲੀ ਮਨੋਹਰ ਜੋਸ਼ੀ ਚੋਣਾਂ ਜਿੱਤੇ ਸਨ। ਇਸ ਵਾਰ ਬੀਜੇਪੀ ਨੇ ਉਹਨਾਂ ਦੀ ਟਿਕਟ ਕੱਟ ਕੇ ਇਕ ਹੋਰ ਬਜ਼ੁਰਗ ਆਗੂ ਸਤਿਆਦੇਵ ਪਚੌਰੀ ਨੂੰ ਮੈਦਾਨ ਵਿਚ ਉਤਾਰਿਆ ਹੈ।