ਚੋਣਾਂ ਦੌਰਾਨ ਹੁਣ ਤੱਕ ਦੇਸ਼ 'ਚ ਫੜੀਆਂ 3205.72 ਕਰੋੜ ਦੀਆਂ ਵਸਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਬਤ ਕੀਤੀ ਨਕਦੀ ਦੇ ਮਾਮਲੇ 'ਚ ਵੀ ਤਾਮਿਲਨਾਡੂ ਸਭ ਤੋਂ ਅੱਗੇ

3205.72 Crore collected in the country so far during the elections

ਨਵੀਂ ਦਿੱਲੀ- 2019 ਦੀਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿਚ ਮੁਕੰਮਲ ਹੋਣੀਆਂ ਹਨ। ਚੋਣਾਂ ਦੇ ਤਿੰਨ ਗੇੜ ਪੂਰੇ ਹੋ ਚੁੱਕੇ ਹਨ ਹਾਲੇ ਚਾਰ ਗੇੜ ਬਾਕੀ ਹਨ। ਪਹਿਲੇ ਗੇੜ ਦੀਆਂ ਵੋਟਾਂ 11 ਅਪ੍ਰੈਲ ਨੂੰ ਪਈਆਂ ਸਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸਾਰੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖ਼ਰੀਦਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਚੋਣ ਕਮਿਸ਼ਨ ਦੀ ਸਖ਼ਤੀ ਦੇ ਚਲਦਿਆਂ ਬਹੁਤ ਸਾਰਾ ਗ਼ੈਰ ਸੂਚੀਬੱਧ ਸਮਾਨ ਪਹਿਲੇ ਤਿੰਨ ਗੇੜਾਂ ਵਿਚ ਬਰਾਮਦ ਕੀਤਾ ਜਾ ਚੁੱਕਿਆ ਹੈ। 

ਪਹਿਲੇ ਤਿੰਨ ਗੇੜਾਂ ਦੌਰਾਨ ਹੁਣ ਤੱਕ ਸਮੁੱਚੇ ਭਾਰਤ ਵਿਚ 3205.72 ਕਰੋੜ ਰੁਪਏ ਦੀਆਂ ਗ਼ੈਰ–ਸੂਚੀਬੱਧ ਵਸਤਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਵਿਚ ਜ਼ਬਤ ਕੀਤੀ ਗਈ ਕੁੱਲ ਨਕਦ ਰਾਸ਼ੀ 778.9 ਕਰੋੜ ਰੁਪਏ ਹੈ। ਪਿਛਲੀ ਵਾਰ ਨਾਲੋਂ ਇਹ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਪਾਰ ਹੋ ਗਿਆ ਹੈ। ਸਾਲ 2014 ਦੌਰਾਨ ਫੜੀ ਗਈ ਨਕਦੀ 303.86 ਕਰੋੜ ਰੁਪਏ ਸੀ। ਚੋਣਾਂ ਦੌਰਾਨ ਜ਼ਬਤ ਕੀਤੀਆਂ ਗਈਆਂ ਵਸਤਾਂ ਵਿਚ ਨਕਦੀ ਤੋਂ ਇਲਾਵਾ ਸ਼ਰਾਬ, ਹੋਰ ਨਸ਼ੀਲੇ ਪਦਾਰਥ, ਸੋਨਾ ਤੇ ਅਤੇ ਕਈ ਕੀਮਤੀ ਚੀਜ਼ਾਂ ਸ਼ਾਮਲ ਹਨ।

ਸਾਲ 2014 ਦੀ ਰਿਪੋਰਟ ਵਿਚ ਅਧਿਕਾਰੀਆਂ ਵੱਲੋਂ ਸੋਨੇ ਤੇ ਹੋਰ ਕੀਮਤੀ ਧਾਤਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਹੁਣ ਤੱਕ ਤਾਮਿਲਨਾਡੂ ਵਿਚ ਸਭ ਤੋਂ ਵੱਧ 3,063 ਕਿਲੋਗ੍ਰਾਮ ਸੋਨਾ ਫੜਿਆ ਗਿਆ ਹੈ। ਜਿਸ ਦੀ ਕੀਮਤ 708.71 ਕਰੋੜ ਰੁਪਏ ਬਣਦੀ ਹੈ ਇੰਝ ਹੀ ਮੱਧ ਪ੍ਰਦੇਸ਼ ਵਿਚ 1,263 ਕਰੋੜ ਰੁਪਏ ਤੇ ਉੱਤਰ ਪ੍ਰਦੇਸ਼ ਵਿਚ 709 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਜ਼ਬਤ ਕੀਤੀ ਗਈ ਨਕਦ ਰਕਮ ਦੇ ਮਾਮਲੇ ਵਿਚ ਵੀ ਤਾਮਿਲਨਾਡੂ ਹੀ ਸਭ ਤੋਂ ਅੱਗੇ ਹੈ। ਜਿੱਥੇ ਹੁਣ ਤਕ 215.14 ਕਰੋੜ ਰੁਪਏ ਬਰਾਮਦ ਹੋ ਚੁੱਕੇ ਹਨ।

ਦੂਜੇ ਨੰਬਰ ਉੱਤੇ ਆਂਧਰਾ ਪ੍ਰਦੇਸ਼ ਦਾ ਨਾਂਅ ਆਉਂਦਾ ਹੈ, ਜਿੱਥੋਂ 137.27 ਕਰੋੜ ਰੁਪਏ ਤੇ ਤੇਲੰਗਾਨਾ ਵਿਚੋਂ 68.82 ਕਰੋੜ ਰੁਪਏ ਫੜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 1185.4 ਕਰੋੜ ਰੁਪਏ ਮੁੱਲ ਦੇ 62 ਮੀਟ੍ਰਿਕ ਟਨ ਨਸ਼ੀਲੇ ਪਦਾਰਥ ਵੀ ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਗੇੜਾਂ ਦੌਰਾਨ ਬਰਾਮਦ ਕੀਤੇ ਗਏ ਹਨ।  ਇਸ ਮਾਮਲੇ ਵਿਚ 19.4 ਟਨ ਨਾਲ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਸਾਰਾ ਸਮਾਨ ਚੋਣਾਂ ਵਿਚ ਵੋਟਰਾਂ ਨੂੰ ਭਰਮਾਉਣ ਲਈ ਵਰਤਿਆ ਜਾਣਾ ਸੀ। ਜਿਸ ਨੂੰ ਚੋਣ ਕਮਿਸ਼ਨ ਦੀਆਂ ਟੀਮਾਂ ਵਲੋਂ ਜ਼ਬਤ ਕੀਤਾ ਗਿਆ ਹੈ।