ਭਾਜਪਾ ਲਈ ਚੋਣ ਪ੍ਰਚਾਰ ਕਰ ਕੇ 'ਫਸੇ' The Great Khali
ਟੀਐਮਸੀ ਨੇ ਦੋਸ਼ ਲਗਾਇਆ - ਖਲੀ ਅਮਰੀਕੀ ਨਾਗਰਿਕ ਹੈ ਅਤੇ ਭਾਰਤੀ ਵੋਟਰਾਂ ਨੂੰ ਪ੍ਰਭਾਵਤ ਕਰ ਰਿਹੈ
ਕੋਲਕਾਤਾ : ਪਹਿਲਵਾਨ ਦਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਨੂੰ ਲੋਕ ਸਭਾ ਚੋਣਾਂ 'ਚ ਭਾਜਪਾ ਲਈ ਚੋਣ ਪ੍ਰਚਾਰ ਕਰਨਾ ਮਹਿੰਗਾ ਪੈ ਸਕਦਾ ਹੈ। ਪੱਛਮ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਲਈ ਪਹਿਲਵਾਨ ਦਿ ਗ੍ਰੇਟ ਖਲੀ ਦੇ ਚੋਣ ਪ੍ਰਚਾਰ 'ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਸਵਾਲ ਚੁੱਕਿਆ ਹੈ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਖਲੀ ਵਿਰੁੱਧ ਸ਼ਿਕਾਇਤ ਕੀਤੀ ਹੈ ਅਤੇ ਦੋਸ਼ ਲਗਾਇਆ ਕਿ ਖਲੀ ਅਮਰੀਕੀ ਨਾਗਰਿਕ ਹੈ। ਇਕ ਵਿਦੇਸ਼ੀ ਨੂੰ ਭਾਰਤੀ ਵੋਟਰਾਂ ਨੂੰ ਪ੍ਰਭਾਵਤ ਕਰਨ ਦੀ ਮਨਜੂਰੀ ਨਹੀਂ ਦਿੱਤੀ ਜਾਣੀ ਚਾਹੀਦੀ।
ਜ਼ਿਕਰਯੋਗ ਹੈ ਕਿ ਖਲੀ ਨੇ ਸ਼ੁਕਰਵਾਰ ਨੂੰ ਜਾਦਵਪੁਰ ਤੋਂ ਭਾਜਪਾ ਉਮੀਦਵਾਰ ਅਨੁਪਮ ਹਜ਼ਾਰਾ ਦੇ ਸਮਰਥਨ 'ਚ ਚੋਣ ਪ੍ਰਚਾਰ ਕੀਤਾ ਸੀ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ 'ਚ ਕਿਹਾ, "ਖਲੀ ਅਮਰੀਕੀ ਨਾਗਰਿਕ ਹੈ। ਇਸ ਲਈ ਵਿਦੇਸ਼ੀ ਨੂੰ ਭਾਰਤੀ ਵੋਟਰਾਂ ਦਾ ਧਿਆਨ ਭਟਕਾਉਣ ਦੀ ਮਨਜੂਰੀ ਨਹੀਂ ਦਿੱਤੀ ਜਾਣੀ ਚਾਹੀਦੀ।" ਇਸ ਤੋਂ ਪਹਿਲਾਂ ਖਲੀ ਨੇ ਅਨੁਪਮ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਸੀ। ਖਲੀ ਨੇ ਕਿਹਾ ਕਿ ਅਨੁਪਮ ਹਜ਼ਾਰਾ ਉਨ੍ਹਾਂ ਦੇ ਦੋਸਤ ਹਨ ਅਤੇ ਉਨ੍ਹਾਂ ਲਈ ਦੋਸਤੀ ਪਾਰਟੀ ਤੋਂ ਉੱਪਰ ਹੈ।
ਚੋਣ ਪ੍ਰਚਾਰ ਦੌਰਾਨ ਖਲੀ ਨੇ ਕਿਹਾ ਸੀ ਕਿ ਅਨੁਪਮ ਗਰੀਬਾਂ ਦਾ ਦਰਦ ਸਮਝਦੇ ਹਨ ਅਤੇ ਉਹ ਇਹ ਜਾਣਦੇ ਹਨ ਕਿ ਸੰਸਦ 'ਚ ਉਨ੍ਹਾਂ ਦੀ ਗੱਲ ਕਿੰਝ ਚੁੱਕੀ ਜਾਵੇ। ਰੈਲੀ ਦੌਰਾਨ ਖਲੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੀ ਤਰੀਫ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਅਨੁਪਮ ਹਜ਼ਾਰਾ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਨ ਪਰ ਚੋਣਾਂ ਤੋਂ ਪਹਿਲਾਂ ਉਹ ਤ੍ਰਿਣਮੂਲ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਫ਼ਿਲਮੀ ਅਦਾਕਾਰ ਅਤੇ ਟੀਐਮਸੀ ਉਮੀਦਵਾਰ ਮਿਮੀ ਚਕਰਵਰਤੀ ਵਿਰੁੱਧ ਉਮੀਦਵਾਰ ਬਣਾਇਆ ਹੈ।