ਨਸ਼ਿਆ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹੈ : ਗ੍ਰੇਟ ਖਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 26 ਫਰਵਰੀ ਨੂੰ ਕਰਾਏ ਜਾ ਰਹੇ ਚਾਰ ਦਿਨਾਂ ਕਬੱਡੀ ਟੂਰਨਾਮੈਂਟ ਦੇ ਸਬੰਧ ਵਿਚ ਮੰਗਲਵਾਰ ਨੂੰ ਬਠਿੰਡਾ ਪੁੱਜੇ ਕੌਮਾਂਤਰੀ ਰੈਸਲਰ ਦ ਗ੍ਰੇਟ..

Great Khali

ਬਠਿੰਡਾ : ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 26 ਫਰਵਰੀ ਨੂੰ ਕਰਾਏ ਜਾ ਰਹੇ ਚਾਰ ਦਿਨਾਂ ਕਬੱਡੀ ਟੂਰਨਾਮੈਂਟ ਦੇ ਸਬੰਧ ਵਿਚ ਮੰਗਲਵਾਰ ਨੂੰ ਬਠਿੰਡਾ ਪੁੱਜੇ ਕੌਮਾਂਤਰੀ ਰੈਸਲਰ ਦ ਗ੍ਰੇਟ ਖਲੀ ਨੇ ਕਿਹਾ ਕਿ ਨਸ਼ੇ ਦੇ ਲਈ ਪੰਜਾਬ ਨੂੰ ਸਿਰਫ ਬਦਨਾਮ ਕੀਤਾ ਗਿਆ ਹੈ। ਨਸ਼ਾ ਤਾਂ ਪੂਰੇ ਭਾਰਤ ਵਿਚ ਫੈਲਿਆ ਹੋਇਆ ਹੈ। ਡਿਪਟੀ ਕਮਿਸ਼ਨਰ ਪ੍ਰਨੀਤ ਦੇ ਦਫ਼ਤਰ ਪੁੱਜੇ ਖਲੀ ਨੇ ਮੀਡੀਆ ਨੂੰ ਕਿਹਾ ਕਿ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਉਨ੍ਹਾਂ ਵਲੋਂ ਵਿਦੇਸ਼ੀ ਰੈਸਲਰ ਦੇ ਵਿਚਾਲੇ ਮੈਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀਆਂ ਨਾਲ ਉਨ੍ਹਾਂ ਦੀ ਅਕੈਡਮੀ ਦੇ ਰੈਸਲਰ ਵੀ ਭਿੜਨਗੇ।

ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਨਵੀਂ ਪੀੜ੍ਹੀ ਰੈਸਲਿੰਗ ਵੱਲ ਕਦਮ ਵਧਾਉਣਗੇ ਤਾਂ ਨਸ਼ਾ ਤਾਂ ਅਪਣੇ ਆਪ ਦੂਰ ਹੋ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ ਕਰਨਾ ਹੈ ਤਾਂ ਖੇਡਾਂ ਦਾ ਕਰੋ। ਖਲੀ ਨੇ ਕਿਹਾ ਕਿ ਚਾਰ ਦਿਨਾਂ ਕਬੱਡੀ ਟੂਰਨਾਂਮੈਂਟ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਪ੍ਰਸ਼ਾਸਨ ਵਲੋਂ 20 ਲੱਖ ਰੁਪਏ ਦੇ ਇਨਾਮ ਵੰਡੇ ਜਾਣਗੇ। ਗ੍ਰੇਟ ਖਲੀ ਨੇ ਕਿਹਾ ਕਿ ਉਹ ਕਿਸੇ 'ਤੇ ਦੋਸ਼ ਨਹੀਂ ਲਗਾਉਂਦੇ ਕਿ ਕਿਸ ਨੇ ਪੰਜਾਬ ਨੂੰ ਨਸ਼ੇ ਦੇ ਲਈ ਬਦਨਾਮ ਕੀਤਾ ਹੈ। ਪੰਜਾਬ ਦੇ ਲੋਕਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਸ਼ੇ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ।

ਖਲੀ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਉਹ ਕਦੇ ਚੋਣ ਲੜਨ ਦੇ ਮੂਡ ਵਿਚ ਹਨ। ਜਦ ਮਹਿਸੂਸ ਹੋਵੇਗਾ ਕਿ ਉਨ੍ਹਾਂ ਦੇਸ਼ ਦੀ ਸਿਆਸਤ ਵਿਚ ਆ ਕੇ ਚੋਣ ਲੜਨੀ ਹੈ ਤਾਂ ਉਹ ਤਦ ਸੋਚਣਗੇ। ਫਿਲਹਾਲ ਉਹ ਚੋਣ ਲੜਨ ਦੇ ਮੂਡ ਵਿਚ ਨਹੀਂ ਹਨ। ਖਲੀ ਨੇ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਅਤੇ ਪਰਵਾਰ ਅਮਰੀਕਾ ਵਿਚ ਸੈਟਲ ਸੀ। ਭਾਰਤ ਦੇ ਲਈ ਕੁਝ ਕਰਨ ਦਾ ਜਨੂੰਨ ਉਨ੍ਹਾਂ ਵਾਪਸ ਅਪਣੇ ਦੇਸ਼ ਖਿੱਚ ਲਿਆਇਆ। ਉਹ ਅਪਣੇ ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ੀ ਰੈਸਲਰਾਂ ਦੀ ਤਰ੍ਹਾਂ ਰਿੰਗ ਵਿਚ ਦੇਖਣਾ ਚਹੁੰਦਾ ਹੈ। ਇਸ ਦੇ ਲਈ ਉਨ੍ਹਾਂ ਨੇ ਅਕੈਡਮੀ ਵੀ ਸ਼ੁਰੂ ਕੀਤੀ ਹੈ।