ਕੋਰੋਨਾ ਮਰੀਜ਼ਾਂ ਦੀ ਸਿਹਤ ਵਿਚ ਤੇਜ਼ ਸੁਧਾਰ, ਰਿਕਵਰੀ ਰੇਟ ਵਧ ਕੇ 23.3 ਹੋਇਆ: ਸਿਹਤ ਮੰਤਰਾਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਗਈ ਹੈ।

Photo

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਗਈ ਹੈ। ਇਹ ਗਿਣਤੀ ਹੁਣ ਵਧ ਕੇ 29435 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 62 ਲੋਕਾਂ ਦੀ ਮੌਤ ਕੋਰੋਨਾ ਸੰਕਰਮਣ ਦੇ ਚਲਦਿਆਂ ਹੋਈ ਹੈ। ਫਿਲਹਾਲ ਦੇਸ਼ ਵਿਚ 21632 ਮਰੀਜ਼ਾਂ ਦਾ ਇਲਾਜ ਜਾਰੀ ਹੈ।

ਪਿਛਲੇ 24 ਘੰਟਿਆਂ ਵਿਚ 1543 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇਸ਼ ਵਿਚ 934 ਲੋਕਾਂ ਦੀ ਮੌਤ ਹੋ ਚੁੱਕੀ ਹੈ। 6868 ਮਰੀਜ਼ ਠੀਕ ਹੋਏ ਹਨ। ਰਾਹਤ ਦੀ ਖ਼ਬਰ ਇਹ ਹੈ ਕਿ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮਰੀਜ਼ਾਂ ਦਾ ਰਿਕਵਰੀ ਰੇਟ ਵਧ ਕੇ 23.3 ਹੋ ਗਿਆ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗ੍ਰਵਾਲ ਨੇ ਇਕ ਜੁਆਇੰਟ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ, '17 ਜ਼ਿਲ੍ਹਿਆਂ ਵਿਚ ਪਿਛਲੇ 28 ਦਿਨਾਂ ਤੋਂ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕੋਰੋਨਾ ਦੇ ਹਲਕੇ ਲੱਛਣ ਵਾਲੇ ਮਰੀਜ਼ਾਂ ਲਈ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ।

ਅਜਿਹੇ ਰੋਗੀਆਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਅਤੇ ਫੋਨ ਡੇਟਾ ਹਮੇਸ਼ਾਂ ਆਨ ਰੱਖਣਾ ਲਾਜ਼ਮੀ ਹੈ। ਹਲਕੇ ਲੱਛਣ ਵਾਲੇ ਮਰੀਜ ਘਰ ਵਿਚ ਰਹਿ ਸਕਦੇ ਹਨ, ਚਾਹੇ ਘਰ ਦੇ ਹੋਰ ਲੋਕਾਂ ਤੋਂ ਦੂਰ ਰਹਿਣ। ਮਰੀਜ਼ ਲਗਾਤਾਰ ਸਿਹਤ ਵਿਭਾਗ ਦੇ ਸੰਪਰਕ ਵਿਚ ਰਹਿਣ'।

ਸਿਹਤ ਮੰਤਰੀ ਨੇ ਪਲਾਜ਼ਮੀ ਥੈਰੇਪੀ ਨੂੰ ਲੈ ਕੇ ਕਿਹਾ ਕਿ ਇਹ ਥੇਰੈਪੀ ਕੋਰੋਨਾ ਦਾ ਪ੍ਰਮਾਣਿਕ ਇਲਾਜ ਨਹੀਂ ਹੈ। ਸਿਰਫ ਇਕ ਟ੍ਰਾਇਲ ਦੇ ਤੌਰ 'ਤੇ ਪ੍ਰਯੋਗ ਵਿਚ ਲਿਆਂਦੀ ਗਈ ਹੈ। ਆਈਸੀਐਮਆਰ ਇਕ ਦੇਸ਼ਵਿਆਪੀ ਅਧਿਐਨ ਕਰ ਰਹੀ ਹੈ। ਇਸ ਲਈ ਜਦੋਂ ਤੱਕ ਆਈਸੀਐਮਆਰ ਦੀ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ, ਉਦੋਂ ਤੱਕ ਇਸ ਨੂੰ ਪ੍ਰਮਾਣਿਕ ਨਾ ਮੰਨਿਆ ਜਾਵੇ।

ਉਹਨਾਂ ਨੇ ਚੇਤਾਵਨੀ ਦਿੱਤੀ ਕੇ ਪਲਾਜ਼ਮਾ ਥੈਰੇਪੀ ਦੀ ਸਹੀ ਢੰਗ ਨਾਲ ਵਰਤੋਂ ਨਾ ਹੋਣ 'ਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਦੂਜੇ ਪਾਸੇ ਕੇਂਦਰ ਦੀ ਟੀਮ ਨੇ ਕੋਰੋਨਾ ਸੰਕਰਮਣ ਨਾਲ ਜੂਝ ਰਹੇ ਸੂਰਤ ਅਤੇ ਅਹਿਮਦਾਬਾਦ ਵਿਚ ਸਮੀਖਿਆ ਕੀਤੀ। ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਪਾਇਆ ਕਿ ਸੂਰਤ ਵਿਚ ਅਧੁਨਿਕ ਤਕਨੀਕ ਦੀ ਵਰਤੋਂ ਕਰ ਕੇ ਕੋਰੋਨਾ ਸੰਕਰਮਣ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।