Prajwal Revanna Case: ਕਰਨਾਟਕ ਦੇ ਸਾਬਕਾ ਮੰਤਰੀ ਰੇਵੰਨਾ ਅਤੇ ਉਨ੍ਹਾਂ ਦੇ ਬੇਟੇ ਵਿਰੁਧ ਐਫ.ਆਈ.ਆਰ. ਦਰਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਨਸੀ ਸੋਸ਼ਣ ਦੇ ਦੋਸ਼, ਕਰਨਾਟਕ ਸਰਕਾਰ ਨੇ ਜਾਂਚ ਲਈ ਬਣਾਈ ਐਸ.ਆਈ.ਟੀ. 

Prajwal Revanna with father H D Revanna.

Prajwal Revanna Case: ਹਾਸਨ (ਕਰਨਾਟਕ): ਕਰਨਾਟਕ ਦੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਅਤੇ ਉਨ੍ਹਾਂ ਦੇ ਪੁੱਤਰ ਪ੍ਰਜਵਲ ਰੇਵੰਨਾ ਵਿਰੁਧ ਐਤਵਾਰ  ਜਿਨਸੀ ਸੋਸ਼ਣ ਅਤੇ ਪਿੱਛਾ ਕਰਨ ਦੇ ਦੋਸ਼ ’ਚ ਐਫ਼.ਆਈ.ਆਰ. ਦਰਜ ਕੀਤੀ ਗਈ। ਐਚ.ਡੀ. ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਮੁਖੀ ਐਚ.ਡੀ. ਦੇਵਗੌੜਾ ਦੇ ਪੁੱਤਰ ਹਨ। ਪ੍ਰਜਵਲ ਰੇਵੰਨਾ ਹਾਸਨ ਤੋਂ ਮੌਜੂਦਾ ਸੰਸਦ ਮੈਂਬਰ ਹਨ। 33 ਸਾਲ ਦੇ ਪ੍ਰਜਵਲ ਹਾਸਨ ਲੋਕ ਸਭਾ ਹਲਕੇ ਤੋਂ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇ ਉਮੀਦਵਾਰ ਵੀ ਹਨ, ਜਿੱਥੇ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ। 

ਰੇਵੰਨਾ ਦੇ ਘਰੇਲੂ ਨੌਕਰ ਦੀ ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹੇ ਦੇ ਹੋਲੇਨਾਰਸੀਪੁਰ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਰੇਵੰਨਾ ਦੀ ਪਤਨੀ ਭਵਾਨੀ ਦੀ ਰਿਸ਼ਤੇਦਾਰ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਕੰਮ ਸ਼ੁਰੂ ਕਰਨ ਦੇ ਚਾਰ ਮਹੀਨੇ ਬਾਅਦ ਰੇਵੰਨਾ ਨੇ ਉਸ ਦਾ ਜਿਨਸੀ ਸੋਸ਼ਣ ਕਰਨਾ ਸ਼ੁਰੂ ਕਰ ਦਿਤਾ, ਜਦਕਿ ਪ੍ਰਜਵਲ ਉਸ ਦੀ ਧੀ ਨਾਲ ਵੀਡੀਉ ਕਾਲ ਕਰ ਕੇ ‘ਅਸ਼ਲੀਲ ਗੱਲਬਾਤ’ ਕਰਦੇ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਅਤੇ ਉਸ ਦੇ ਪਰਵਾਰ ਦੇ ਹੋਰ ਮੈਂਬਰਾਂ ਦੀ ਜਾਨ ਨੂੰ ਖਤਰਾ ਹੈ। 

ਕਰਨਾਟਕ ਸਰਕਾਰ ਨੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਡਾ. ਨਾਗਾਲਕਸ਼ਮੀ ਚੌਧਰੀ ਵਲੋਂ ਸਰਕਾਰ ਨੂੰ ਲਿਖੀ ਚਿੱਠੀ ਤੋਂ ਬਾਅਦ ਪ੍ਰਜਵਾਲ ਨਾਲ ਜੁੜੇ ਕਥਿਤ ਸੈਕਸ ਸਕੈਂਡਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਆਈ.ਪੀ.ਐਸ. ਅਧਿਕਾਰੀਆਂ ਦੀ ਤਿੰਨ ਮੈਂਬਰੀ ਐਸ.ਆਈ.ਟੀ. ਦੀ ਅਗਵਾਈ ਵਧੀਕ ਪੁਲਿਸ ਡਾਇਰੈਕਟਰ ਜਨਰਲ (ਸੀ.ਆਈ.ਡੀ.) ਬਿਜੈ ਕੁਮਾਰ ਸਿੰਘ ਕਰਨਗੇ। ਹੋਰ ਦੋ ਮੈਂਬਰ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ ਸੁਮਨ ਡੀ. ਪੇਨੇਕਰ ਅਤੇ ਮੈਸੂਰੂ ਦੀ ਪੁਲਿਸ ਸੁਪਰਡੈਂਟ ਸੀਮਾ ਲਾਟਕਰ ਹਨ। ਐਸ.ਆਈ.ਟੀ. ਨੂੰ ਜਲਦੀ ਤੋਂ ਜਲਦੀ ਅਪਣੀ ਜਾਂਚ ਪੂਰੀ ਕਰਨ ਦੇ ਹੁਕਮ ਦਿਤੇ ਗਏ ਹਨ। 

ਵੀਡੀਉ ਕਲਿੱਪ ਫੈਲਣ ਤੋਂ ਬਾਅਦ ਪ੍ਰਜਵਲ ‘ਵਿਦੇਸ਼ ਭੱਜੇ’

ਹਾਲ ਹੀ ਦੇ ਦਿਨਾਂ ’ਚ ਹਸਨ ’ਚ ਪ੍ਰਜਵਾਲ ਨਾਲ ਜੁੜੀਆਂ ਕੁੱਝ ਵੀਡੀਉ ਕਲਿੱਪਾਂ ਫੈਲੀਆਂ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਸਿਧਾਰਮਈਆ ਨੇ ਐਸ.ਆਈ.ਟੀ. ਦੇ ਗਠਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸਨਿਚਰਵਾਰ ਦੇਰ ਰਾਤ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਰਕਾਰ ਨੇ ਪ੍ਰਜਵਲ ਰੇਵੰਨਾ ਦੇ ਇਤਰਾਜ਼ਯੋਗ ਵੀਡੀਉ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਨ ਦਾ ਫੈਸਲਾ ਕੀਤਾ ਹੈ।’’ ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਅਨੁਸਾਰ ਪੁਲਿਸ ਕੋਲ ਜਾਣਕਾਰੀ ਹੈ ਕਿ ਵਿਧਾਇਕ ਅਤੇ ਸਾਬਕਾ ਮੰਤਰੀ ਐਚ.ਡੀ. ਰੇਵੰਨਾ ਦੇ ਪੁੱਤਰ ਪ੍ਰਜਵਲ ਦੇਸ਼ ਛੱਡ ਕੇ ਚਲੇ ਗਏ ਹਨ। ਡਾ. ਚੌਧਰੀ ਨੇ ਵੀਰਵਾਰ ਨੂੰ ਸਿਧਾਰਮਈਆ ਅਤੇ ਪੁਲਿਸ ਮੁਖੀ ਆਲੋਕ ਮੋਹਨ ਨੂੰ ਚਿੱਠੀ ਲਿਖ ਕੇ ਹਸਨ ’ਚ ਫੈਲ ਰਹੇ ਵੀਡੀਉ ਦੀ ਜਾਂਚ ਦੀ ਮੰਗ ਕੀਤੀ ਸੀ। ਪ੍ਰਜਵਲ ਨੇ ਅਪਣੇ ਚੋਣ ਏਜੰਟ ਰਾਹੀਂ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਵੀਡੀਉ ਨਾਲ ਛੇੜਛਾੜ ਕੀਤੀ ਗਈ ਅਤੇ ਇਸ ਨੂੰ ਫੈਲਾਇਆ ਗਿਆ। ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਪ੍ਰਜਵਾਲ ਵਿਦੇਸ਼ ਗਏ ਹਨ ਤਾਂ ਐਸ.ਆਈ.ਟੀ. ’ਤੇ ਉਨ੍ਹਾਂ ਨੂੰ ਵਾਪਸ ਲਿਆਉਣ ਅਤੇ ਜਾਂਚ ਜਾਰੀ ਰੱਖਣ ਲਈ ਜ਼ਿੰਮੇਵਾਰ ਹੋਵੇਗੀ। 

ਸਾਡਾ ਸਿਰ ਸ਼ਰਮ ਨਾਲ ਝੁਕ ਗਿਐ : ਉਪ ਮੁੱਖ ਮੰਤਰੀ

ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ, ‘‘ਸਾਡਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਮੈਂ ਮੀਡੀਆ ’ਚ ਵੇਖਿਆ ਕਿ ਉਹ ਵਿਦੇਸ਼ ਭੱਜ ਗਏ ਹਨ। ਇਹ ਇਕ ਨਾਮੁਆਫੀਯੋਗ ਜੁਰਮ ਹੈ। ਉਹ ਇਕ ਸੰਸਦ ਮੈਂਬਰ ਅਤੇ ਇਕ ਸਾਬਕਾ ਪ੍ਰਧਾਨ ਮੰਤਰੀ ਦਾ ਪੋਤਾ ਹੈ। ਉਹ ਉਸੇ ਸੀਟ ਦੀ ਨੁਮਾਇੰਦਗੀ ਕਰਦਾ ਸੀ ਜਿਸ ਦੀ ਨੁਮਾਇੰਦਗੀ ਸਾਬਕਾ ਪ੍ਰਧਾਨ ਮੰਤਰੀ ਕਰਦੇ ਸਨ।’’ ਐਸ.ਆਈ.ਟੀ. ’ਤੇ ਸਰਕਾਰ ਦੇ ਹੁਕਮ ’ਚ ਕਿਹਾ ਗਿਆ ਹੈ ਕਿ ਜਿਨਸੀ ਅਪਰਾਧਾਂ ਦੇ ਦੋਸ਼ੀਆਂ, ਜਿਨ੍ਹਾਂ ਨੇ ਇਸ ਨੂੰ ਫਿਲਮਾਇਆ ਅਤੇ ਫਿਰ ਇਸ ਨੂੰ ਜਨਤਕ ਕੀਤਾ, ਉਨ੍ਹਾਂ ਨੂੰ ਜਾਂਚ ਦੇ ਦਾਇਰੇ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਜਾਂਚ ’ਚ ਤੱਥ ਸਾਹਮਣੇ ਆਉਣ ਦਿਉ : ਸਾਬਕਾ ਮੁੱਖ ਮੰਤਰੀ

ਜਦਕਿ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਅਪਣੇ ਭਤੀਜੇ ਦੀ ਇਸ ‘ਸੈਕਸ-ਸਕੈਂਡਲ’ ’ਚ ਸ਼ਮੂਲੀਅਤ ਬਾਰੇ ਕਿਹਾ ਕਿ ਉਹ ਜਾਂਚ ’ਚ ਤੱਥ ਸਾਹਮਣੇ ਆਉਣ ਦੀ ਉਡੀਕ ਕਰਨਗੇ, ਪਰ ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅਪਰਾਧ ਕੀਤਾ ਹੈ ਉਸ ਨੂੰ ਮਾਫ਼ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।