ਮੋਦੀ ਦਾ ਰਾਹੁਲ ’ਤੇ ਇਕ ਹੋਰ ਤਿੱਖਾ ਹਮਲਾ, ਕਿਹਾ, ‘ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ, ਪਰ ਨਵਾਬਾਂ ਦੇ ਅੱਤਿਆਚਾਰਾਂ ’ਤੇ ਚੁੱਪ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕਰਨਾਟਕ ’ਚ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ

PM Modi

ਬੇਲਗਾਵੀ (ਕਰਨਾਟਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਭਾਰਤ ਦੇ ਰਾਜਿਆਂ ਅਤੇ ਮਹਾਰਾਜਿਆਂ ਦਾ ਅਪਮਾਨ ਕਰਨ, ਪਰ ਤੁਸ਼ਟੀਕਰਨ ਦੀ ਸਿਆਸਤ ਲਈ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਵਲੋਂ ਕੀਤੇ ਅੱਤਿਆਚਾਰਾਂ ’ਤੇ ਇਕ ਸ਼ਬਦ ਵੀ ਨਾ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਨੇ ‘ਵਿਰਾਸਤ ਟੈਕਸ’ ਦੇ ਮੁੱਦੇ ’ਤੇ ਵੀ ਕਾਂਗਰਸ ਵਿਰੁਧ ਅਪਣਾ ਹਮਲਾ ਜਾਰੀ ਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕਰਨਾਟਕ ’ਚ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ। 

ਮੋਦੀ ਨੇ ਕਿਹਾ, ‘‘ਭਾਰਤੀ ਜਨਤਾ ਪਾਰਟੀ (ਭਾਜਪਾ) ਲੋਕਾਂ ਦੀ ਜਾਇਦਾਦ ਵਧਾਉਣ ’ਤੇ ਕੰਮ ਕਰ ਰਹੀ ਹੈ ਪਰ ਕਾਂਗਰਸ ਦੇ ਸ਼ਹਿਜ਼ਾਦਾ (ਰਾਹੁਲ ਗਾਂਧੀ) ਅਤੇ ਉਨ੍ਹਾਂ ਦੀ ਭੈਣ (ਪ੍ਰਿਯੰਕਾ ਗਾਂਧੀ ਵਾਡਰਾ) ਦੋਵੇਂ ਐਲਾਨ ਕਰ ਰਹੇ ਹਨ ਕਿ ਜੇਕਰ ਉਹ ਸੱਤਾ ’ਚ ਆਏ ਤਾਂ ਉਹ ਦੇਸ਼ ਦਾ ‘ਐਕਸ-ਰੇ’ ਕਰਨਗੇ।’’

ਪ੍ਰਧਾਨ ਮੰਤਰੀ ਨੇ ਪੁਧਿਆ, ‘‘ਉਹ ਤੁਹਾਡੀ ਜਾਇਦਾਦ, ਬੈਂਕ ਲਾਕਰ, ਜ਼ਮੀਨ, ਵਾਹਨ, ਸਟ੍ਰੀਧਨ ਅਤੇ ਔਰਤਾਂ ਦੇ ਗਹਿਣਿਆਂ, ਸੋਨੇ, ਮੰਗਲਸੂਤਰ ਦਾ ਐਕਸਰੇ ਕਰਨਗੇ। ਇਹ ਲੋਕ ਹਰ ਘਰ ’ਤੇ ਛਾਪਾ ਮਾਰਨਗੇ ਅਤੇ ਤੁਹਾਡੀ ਜਾਇਦਾਦ ’ਤੇ ਕਬਜ਼ਾ ਕਰਨਗੇ। ਕਬਜ਼ੇ ਤੋਂ ਬਾਅਦ, ਉਹ ਇਸ ਨੂੰ ਮੁੜ ਵੰਡਣ ਦੀ ਗੱਲ ਕਰ ਰਹੇ ਹਨ, ਉਹ ਇਸ ਨੂੰ ਅਪਣੇ ਪਿਆਰੇ ਵੋਟ ਬੈਂਕ ਨੂੰ ਦੇਣਾ ਚਾਹੁੰਦੇ ਹਨ... ਕੀ ਤੁਸੀਂ ਇਹ ਲੁੱਟ ਹੋਣ ਦੇਵੋਂਗੇ?’’

ਮੋਦੀ ਨੇ ਕਿਹਾ, ‘‘ਮੈਂ ਕਾਂਗਰਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ। ਇਹ ਇਰਾਦਾ ਛੱਡ ਦਿਉ। ਜਦੋਂ ਤਕ ਮੋਦੀ ਜ਼ਿੰਦਾ ਹਨ, ਮੈਂ ਅਜਿਹਾ ਨਹੀਂ ਹੋਣ ਦੇਵਾਂਗਾ।’’ ਮੋਦੀ ਨੇ ਕਿਹਾ, ‘‘ਕਾਂਗਰਸ ਨੇ ਤੁਸ਼ਟੀਕਰਨ ਅਤੇ ਵੋਟ ਬੈਂਕ ਨੂੰ ਧਿਆਨ ’ਚ ਰੱਖ ਕੇ ਸਾਡਾ ਇਤਿਹਾਸ ਅਤੇ ਆਜ਼ਾਦੀ ਸੰਘਰਸ਼ ਲਿਖਿਆ ਪਰ ਅੱਜ ਵੀ ਕਾਂਗਰਸ ਦੇ ਸ਼ਹਿਜ਼ਾਦੇ ਉਸ ਪਾਪ ਨੂੰ ਅੱਗੇ ਵਧਾ ਰਹੇ ਹਨ। ਤੁਸੀਂ ਕਾਂਗਰਸ ਦੇ ਰਾਜਕੁਮਾਰ ਦਾ ਤਾਜ਼ਾ ਬਿਆਨ ਜ਼ਰੂਰ ਸੁਣਿਆ ਹੋਵੇਗਾ- ਉਹ ਕਹਿੰਦਾ ਹੈ ਕਿ ਭਾਰਤ ਦੇ ਰਾਜੇ ਅਤੇ ਮਹਾਰਾਜੇ ਜ਼ਾਲਮ ਸਨ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਉਨ੍ਹਾਂ ਨੇ ਰਾਜਿਆਂ ਅਤੇ ਮਹਾਰਾਜਿਆਂ ’ਤੇ ਲੋਕਾਂ ਅਤੇ ਗਰੀਬਾਂ ਦੀ ਜ਼ਮੀਨ ਅਤੇ ਜਾਇਦਾਦ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ। ਕਾਂਗਰਸ ਦੇ ਰਾਜਕੁਮਾਰ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਕਿਤੂਰ ਦੀ ਰਾਣੀ ਚੇਨਮਾ ਵਰਗੀਆਂ ਮਹਾਨ ਸ਼ਖਸੀਅਤਾਂ ਦਾ ਅਪਮਾਨ ਕੀਤਾ ਹੈ, ਜਿਨ੍ਹਾਂ ਦਾ ਪ੍ਰਸ਼ਾਸਨ ਅਤੇ ਦੇਸ਼ ਭਗਤੀ ਅੱਜ ਵੀ ਸਾਨੂੰ ਪ੍ਰੇਰਿਤ ਕਰਦੀ ਹੈ।’’

ਮੈਸੂਰੂ ਦੇ ਸਾਬਕਾ ਸ਼ਾਹੀ ਪਰਵਾਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ, ‘‘ਕਾਂਗਰਸ ਦੇ ਸ਼ਾਹਿਜ਼ਾਦੇ ਨੇ ਵੋਟ ਬੈਂਕ ਦੀ ਰਾਜਨੀਤੀ ਅਤੇ ਤੁਸ਼ਟੀਕਰਨ ਨੂੰ ਧਿਆਨ ’ਚ ਰਖਦੇ ਹੋਏ ਜਾਣਬੁਝ ਕੇ ਅਜਿਹੇ ਬਿਆਨ ਦਿਤੇ।’’ ਉਨ੍ਹਾਂ ਕਿਹਾ ਕਿ ਮੈਸੂਰੂ ਦੇ ਸਾਬਕਾ ਸ਼ਾਹੀ ਪਰਵਾਰ ਨੂੰ ਅੱਜ ਵੀ ਦੇਸ਼ ਭਰ ’ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਂਦਾ ਹੈ। 

ਉਨ੍ਹਾਂ ਕਿਹਾ, ‘‘ਰਾਜਕੁਮਾਰ ਨੇ ਰਾਜਾ, ਮਹਾਰਾਜਿਆਂ ਬਾਰੇ ਬੁਰਾ ਬੋਲਿਆ, ਪਰ ਰਾਜਕੁਮਾਰ ਦਾ ਮੂੰਹ ਭਾਰਤ ਦੇ ਇਤਿਹਾਸ ’ਚ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਵਲੋਂ ਕੀਤੇ ਗਏ ਅੱਤਿਆਚਾਰਾਂ ਬਾਰੇ ਬੰਦ ਸੀ।’’

ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਮੁਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਕੀਤੇ ਗਏ ਅੱਤਿਆਚਾਰਾਂ ਨੂੰ ਯਾਦ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ‘‘ਔਰੰਗਜ਼ੇਬ ਨੇ ਸਾਡੇ ਕਈ ਮੰਦਰਾਂ ਦੀ ਬੇਅਦਬੀ ਕੀਤੀ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਤਾ। ਕਾਂਗਰਸ ਖੁਸ਼ੀ ਨਾਲ ਉਨ੍ਹਾਂ ਪਾਰਟੀਆਂ ਨਾਲ ਗੱਠਜੋੜ ਕਰ ਰਹੀ ਹੈ ਜਿਨ੍ਹਾਂ ਨੇ ਸਾਡੇ ਧਾਰਮਕ ਸਥਾਨਾਂ ਨੂੰ ਤਬਾਹ ਕੀਤਾ, ਕਤਲਾਂ ਅਤੇ ਗਊ ਹੱਤਿਆ ਵਿਚ ਸ਼ਾਮਲ ਸਨ। ਉਨ੍ਹਾਂ ਨੂੰ ਉਸ ਨਵਾਬ ਨੂੰ ਯਾਦ ਨਹੀਂ ਹੈ ਜਿਸ ਨੇ ਭਾਰਤ ਦੀ ਵੰਡ ’ਚ ਭੂਮਿਕਾ ਨਿਭਾਈ ਸੀ।’’

ਮੋਦੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਨਿਰਮਾਣ ਵਿਚ ਬਨਾਰਸ ਦੇ ਰਾਜਾ ਅਤੇ ਮੰਦਰਾਂ ਦੇ ਨਵੀਨੀਕਰਨ ਵਿਚ ਮਹਾਰਾਣੀ ਅਹਿਲਿਆਬਾਈ ਹੋਲਕਰ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਤੁਸ਼ਟੀਕਰਨ ਦੀ ਵਿਚਾਰਧਾਰਾ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਈ ਹੈ ਅਤੇ ਇਹ ਉਨ੍ਹਾਂ ਦੇ ਚੋਣ ਐਲਾਨਨਾਮੇ ’ਚ ਵੀ ਝਲਕਦੀ ਹੈ। 

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਬੀ.ਐਸ. ਯੇਦੀਯੁਰੱਪਾ, ਬੇਲਗਾਮ (ਬੇਲਗਾਵੀ) ਤੋਂ ਪਾਰਟੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇੱਟਰ ਅਤੇ ਚਿੱਕਕੋਡੀ ਤੋਂ ਉਮੀਦਵਾਰ ਅੰਨਾਸਾਹਿਬ ਸ਼ੰਕਰ ਜੋਲੇ ਜਨਤਕ ਮੀਟਿੰਗ ’ਚ ਮੌਜੂਦ ਸਨ। 

ਬੇਲਗਾਵੀ ’ਚ ਇਕ ਆਦਿਵਾਸੀ ਔਰਤ ’ਤੇ ਕਥਿਤ ਤਸ਼ੱਦਦ ਅਤੇ ਚਿੱਕਕੋਡੀ ’ਚ ਜੈਨ ਸਾਧੂ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਦੋਸ਼ ਲਾਇਆ ਕਿ ਜਦੋਂ ਤੋਂ ਕਰਨਾਟਕ ’ਚ ਕਾਂਗਰਸ ਸੱਤਾ ’ਚ ਆਈ ਹੈ, ਉਦੋਂ ਤੋਂ ਸੂਬੇ ਭਰ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਸ਼ਰਮਨਾਕ ਹਨ ਅਤੇ ਕਰਨਾਟਕ ਦੇ ਮਾਣ ਨੂੰ ਘਟਾਉਂਦੀਆਂ ਹਨ। 

ਹੁਬਲੀ ’ਚ ਹਾਲ ਹੀ ’ਚ ਇਕ ਵਿਦਿਆਰਥਣ ਨੇਹਾ ਹੀਰੇਮਥ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਵਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ ਪਰ ਕਾਂਗਰਸ ਸਰਕਾਰ ਨੇ ਤੁਸ਼ਟੀਕਰਨ ਨੂੰ ਤਰਜੀਹ ਦਿਤੀ । ਉਨ੍ਹਾਂ ਲਈ ਨੇਹਾ ਵਰਗੀਆਂ ਧੀਆਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ, ਉਹ ਸਿਰਫ ਅਪਣੇ ਵੋਟ ਬੈਂਕ ਬਾਰੇ ਸੋਚਦੀਆਂ ਹਨ।

ਮੋਦੀ ਨੇ ਕਿਹਾ ਕਿ ਬੈਂਗਲੁਰੂ ਕੈਫੇ ’ਚ ਬੰਬ ਧਮਾਕੇ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਸ਼ੁਰੂ ’ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਇਸ ਨੂੰ ਸਿਲੰਡਰ ਧਮਾਕਾ ਦਸਿਆ । ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਬੰਦੀਸ਼ੁਦਾ ਰਾਸ਼ਟਰ ਵਿਰੋਧੀ ਸੰਗਠਨ ਪੀ.ਐਫ.ਆਈ. ਦੀ ਮਦਦ ਲੈ ਰਹੀ ਹੈ ਜੋ ਵੋਟਾਂ ਖਾਤਰ ਅਤਿਵਾਦ ਦਾ ਸਮਰਥਨ ਕਰਦਾ ਹੈ।

ਜਿਨ੍ਹਾਂ ਨੇ ਰਾਮ ਮੰਦਰ ਬਣਾਉਣ ਦਾ ਸੱਦਾ ਠੁਕਰਾ ਦਿਤਾ, ਉਨ੍ਹਾਂ ਨੂੰ ਵੋਟਰ ਖ਼ਾਰਜ ਕਰ ਦੇਣਗੇ : ਮੋਦੀ 

ਸਿਰਸੀ (ਕਰਨਾਟਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਯੁੱਧਿਆ ’ਚ ਰਾਮ ਮੰਦਰ ਅੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਰਨ ਦਾ ਸੱਦਾ ਠੁਕਰਾ ਦਿਤਾ ਹੈ, ਉਨ੍ਹਾਂ ਨੂੰ ਲੋਕ ਸਭਾ ਚੋਣਾਂ ’ਚ ਰੱਦ ਕਰ ਦੇਣਗੇ। ਉਹ ਸਪੱਸ਼ਟ ਤੌਰ ’ਤੇ ਇਸ ਸਮਾਗਮ ’ਚ ਸ਼ਾਮਲ ਨਾ ਹੋਣ ਲਈ ਕਾਂਗਰਸ ਪਾਰਟੀ ਵਲ ਇਸ਼ਾਰਾ ਕਰ ਰਹੇ ਸਨ। ਮੋਦੀ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦਾ ਫੈਸਲਾ ਦੇਸ਼ ਦੀ ਆਜ਼ਾਦੀ ਦੇ ਅਗਲੇ ਦਿਨ ਹੀ ਲਿਆ ਜਾਣਾ ਚਾਹੀਦਾ ਸੀ। ਇਸ ਮੁੱਦੇ ’ਤੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਹੀ ਤਾਕਤਾਂ ਨੇ ਆਖਰੀ ਪਲ ਤਕ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਰਾਮ ਮੰਦਰ ਨਾ ਬਣੇ ਅਤੇ ਆਖਰੀ ਦਿਨ ਵੀ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਟਰੱਸਟੀਆਂ ਨੇ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਵਲੋਂ ਲਗਾਈਆਂ ਗਈਆਂ ਸਾਰੀਆਂ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰਦਿਆਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ, ਜੋ ਉਨ੍ਹਾਂ ਦੀ ਸੱਚਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ (ਕਾਂਗਰਸੀ ਨੇਤਾਵਾਂ) ਨੇ ਰਾਮ ਮੰਦਰ ਸਮਾਰੋਹ ਦਾ ਸੱਦਾ ਠੁਕਰਾ ਦਿਤਾ। ਦੇਸ਼ ਉਨ੍ਹਾਂ ਲੋਕਾਂ ਨੂੰ ਰੱਦ ਕਰ ਦੇਵੇਗਾ ਜੋ ਰਾਮ ਮੰਦਰ ਦੇ ਸੱਦੇ ਨੂੰ ਰੱਦ ਕਰਦੇ ਹਨ।’’

ਕਾਂਗਰਸ ਨੇ ਪ੍ਰਧਾਨ ਮੰਤਰੀ ’ਤੇ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ 

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਹੁਲ ਗਾਂਧੀ ’ਤੇ ਲਾਏ ਦੋਸ਼ਾਂ ਨੂੰ ਲੈ ਕੇ ਐਤਵਾਰ ਨੂੰ ਪਲਟਵਾਰ ਕਰਦਿਆਂ ਕਿਹਾ ਕਿ ਉਹ ਫਿਰਕੂ ਭਾਵਨਾਵਾਂ ਭੜਕਾਉਣ ਲਈ ਸਾਬਕਾ ਕਾਂਗਰਸ ਪ੍ਰਧਾਨ ਦੇ ਹਰ ਬਿਆਨ ਨੂੰ ‘ਮੰਦਭਾਵਨਾ ਨਾਲ ਤੋੜ-ਮਰੋੜ ਕੇ ਪੇਸ਼’ ਕਰ ਰਹੇ ਹਨ। ਵਿਰੋਧੀ ਪਾਰਟੀ ਦੀ ਇਹ ਟਿਪਣੀ ਪ੍ਰਧਾਨ ਮੰਤਰੀ ਮੋਦੀ ਵਲੋਂ ਐਤਵਾਰ ਨੂੰ ਰਾਹੁਲ ਗਾਂਧੀ ’ਤੇ ਭਾਰਤ ਦੇ ਰਾਜਿਆਂ ਅਤੇ ਮਹਾਰਾਜਿਆਂ ਦਾ ਅਪਮਾਨ ਕਰਨ, ਪਰ ਤੁਸ਼ਟੀਕਰਨ ਦੀ ਰਾਜਨੀਤੀ ਲਈ ਨਵਾਬਾਂ, ਨਿਜ਼ਾਮਾਂ, ਸੁਲਤਾਨਾਂ ਅਤੇ ਬਾਦਸ਼ਾਹਾਂ ਵਲੋਂ ਕੀਤੇ ਗਏ ਅੱਤਿਆਚਾਰਾਂ ’ਤੇ ਇਕ ਸ਼ਬਦ ਵੀ ਨਾ ਬੋਲਣ ਦਾ ਦੋਸ਼ ਲਾਉਣ ਤੋਂ ਬਾਅਦ ਆਈ ਹੈ। ਪਲਟਵਾਰ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਉਹ ਫਿਰਕੂ ਪੱਖਪਾਤ ਅਤੇ ਭਾਵਨਾਵਾਂ ਨੂੰ ਭੜਕਾਉਣ ਲਈ ਰਾਹੁਲ ਗਾਂਧੀ ਦੇ ਹਰ ਬਿਆਨ ਨੂੰ ਗਲਤ ਅਤੇ ਸ਼ਰਾਰਤੀ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਉਨ੍ਹਾਂ (ਮੋਦੀ) ਦਾ ਜਾਣਾ ਯਕੀਨੀ ਹੈ ਅਤੇ ਇਸ ਦਾ ਅਹਿਸਾਸ ਉਨ੍ਹਾਂ ਨੂੰ ਹੋਰ ਵੀ ਨਿਰਾਸ਼ ਕਰ ਰਿਹਾ ਹੈ। ਉਨ੍ਹਾਂ ਦੇ ਚੋਣ ਭਾਸ਼ਣ ਸੱਚਮੁੱਚ ਸ਼ਰਮਨਾਕ ਹਨ।’’