ਬੰਗਲੁਰੂ ਗੈਂਗਰੇਪ: ਦੋ ਆਰੋਪੀਆਂ ਨੇ ਕੀਤੀ ਭੱਜਣ ਦੀ ਕੋਸ਼ਿਸ਼, ਪੁਲਿਸ ਨੇ ਮਾਰੀ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲ ਹੀ ਵਿਚ ਬੰਗਲੁਰੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਦਾ ਵੀਡਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

Bengaluru Gang rape: Two arrested men try to flee, shot at and caught

ਬੰਗਲੁਰੂ: ਹਾਲ ਹੀ ਵਿਚ ਬੰਗਲੁਰੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਦਾ ਵੀਡਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁਝ ਲੋਕ ਇਕ 22 ਸਾਲਾ ਲੜਕੀ ਨਾਲ ਦਰਿੰਦਗੀ ਕਰਦੇ ਦਿਖਾਈ ਦੇ ਰਹੇ ਹਨ। ਇਹਨਾਂ ਨੌਜਵਾਨਾਂ ਨੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਹੈ। ਇਸ ਮਾਮਲੇ ਵਿਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ।

28 ਮਈ ਨੂੰ ਸਵੇਰੇ ਦੋ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਰੋਕਣ ਲਈ ਉਹਨਾਂ ਦੇ ਪੈਰ ’ਤੇ ਗੋਲੀ ਮਾਰੀ, ਉਹਨਾਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ। ਮੀਡੀਆ ਰਿਪੋਰਟ ਅਨੁਸਾਰ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੁਲਿਸ ਆਰੋਪੀਆਂ ਨੂੰ ਘਟਨਾ ਸਥਾਨ ’ਤੇ ਲੈ ਕੇ ਗਈ ਤਾਂ ਦੋ ਆਰੋਪੀਆਂ ਨੇ ਪੁਲਿਸ ਕਰਮਚਾਰੀਆਂ ’ਤੇ ਹਮਲਾ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।

ਘਟਨਾ ਸਬੰਧੀ ਬੰਗਲੁਰੂ ਦੇ ਪੁਲਿਸ ਕਮਿਸ਼ਨਰ ਨੇ ਟਵੀਟ ਕਰਦਿਆਂ ਦੱਸਿਆ ਕਿ ਵੀਡੀਓ ਅਤੇ ਸ਼ੁਰੂਆਤੀ ਜਾਂਚ ਦੇ ਅਧਾਰ ’ਤੇ 6 ਲੋਕਾਂ ਖਿਲਾਫ ਬਲਾਤਕਾਰ ਅਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ। ਇਹਨਾਂ ਵਿਚ ਦੋ ਔਰਤਾਂ ਹਨ। ਪੁਲਿਸ ਅਨੁਸਾਰ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸਾਰੇ ਦੋਸ਼ੀ ਇਕ ਗਰੁੱਪ ਦੇ ਮੈਂਬਰ ਹਨ। ਮੰਨਿਆ ਜਾ ਰਿਹਾ ਹੈ ਕਿ ਸਾਰੇ ਬੰਗਲਾਦੇਸ਼ੀ ਹਨ ਤੇ ਪੀੜਤ ਮਹਿਲਾ ਵੀ ਬੰਗਲਾਦੇਸ਼ੀ ਹੈ। ਪੀੜਤ ਇਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਆਰਥਿਕ ਤੰਗੀ ਕਾਰਨ ਉਸ ਨੂੰ ਤਸਕਰੀ ਕਰਕੇ ਬੰਗਲਾਦੇਸ਼ ਤੋਂ ਇੱਥੇ ਲਿਆਂਦਾ ਗਿਆ ਸੀ।

ਦੋਸ਼ੀਆਂ ਨੇ ਲੜਕੀ ਨਾਲ ਦਰਿੰਦਗੀ ਦਾ ਵੀਡੀਓ ਵੀ ਬਣਾਇਆ ਸੀ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਨਾਂਅ ਸਾਗਰ (23), ਮੁਹੰਮਦ ਬਾਬਾ ਸਾਹਿਕ (30), ਹ੍ਰਿਦਯ ਬਾਬੂ (25) ਅਤੇ ਹਕੀਲ (23) ਹੈ। ਇਸ ਦੇ ਨਾਲ ਹੀ ਪੁਲਿਸ ਨੇ ਗ੍ਰਿਫ਼ਤਾਰ ਮਹਿਲਾ ਦੀ ਪਛਾਣ ਨਹੀਂ ਦੱਸੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰੀਬ 6 ਦਿਨ ਪਹਿਲਾਂ ਦੀ ਹੈ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਉਹਨਾਂ ਨੇ ਇਸ ਕੇਸ ਬਾਰੇ ਸੁਣਿਆ ਹੈ। ਸਰਕਾਰ ਸਖਤ ਕਾਰਵਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਅਣਮਨੁੱਖੀ ਅਪਰਾਧ ਲਈ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।