ਨਵਾਂ ਸੰਸਦ ਭਵਨ 140 ਕਰੋੜ ਦੇਸ਼ਵਾਸੀਆਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ: PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਪੂਰੀ ਦੁਨੀਆ ਭਾਰਤ ਨੂੰ ਸਨਮਾਨ ਅਤੇ ਉਮੀਦ ਨਾਲ ਦੇਖ ਰਹੀ ਹੈ - PM

Pm Modi

ਨਵੀਂ ਦਿੱਲੀ - ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਸੇਗੋਂਲ ਨੂੰ ਵੀ ਸਥਾਪਿਤ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਨਵੇਂ ਸੰਸਦ ਭਵਨ 'ਚੋਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ 140 ਕਰੋੜ ਭਾਰਤੀ ਨਾਗਰਿਕਾਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਨੂੰ ਸਨਮਾਨ ਅਤੇ ਉਮੀਦ ਨਾਲ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਦੁਨੀਆ ਅੱਗੇ ਵਧਦੀ ਹੈ। ਮੋਦੀ ਨੇ ਕਿਹਾ, ''ਇਹ ਸਿਰਫ਼ ਇਕ ਇਮਾਰਤ ਨਹੀਂ ਹੈ, ਇਹ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ। ਇਹ ਦੁਨੀਆ ਨੂੰ ਭਾਰਤ ਦੀ ਦ੍ਰਿੜਤਾ ਦਾ ਸੰਦੇਸ਼ ਦਿੰਦਾ ਹੈ। ਇਹ ਸਾਡੇ ਲੋਕਤੰਤਰ ਦਾ ਮੰਦਰ ਹੈ।

ਉਨ੍ਹਾਂ ਕਿਹਾ, “ਨਵਾਂ ਸੰਸਦ ਭਵਨ ਹਕੀਕਤ ਨਾਲ ਯੋਜਨਾਬੰਦੀ, ਉਸਾਰੀ ਨਾਲ ਨੀਤੀ, ਕਾਰਜ ਸ਼ਕਤੀ ਨਾਲ ਇੱਛਾ ਸ਼ਕਤੀ ਅਤੇ ਪ੍ਰਾਪਤੀ ਨਾਲ ਸੰਕਲਪ ਨੂੰ ਜੋੜਨ ਵਾਲੀ ਮਹੱਤਵਪੂਰਨ ਕੜੀ ਸਾਬਤ ਹੋਵੇਗਾ। ਇਹ ਨਵੀਂ ਇਮਾਰਤ ਸਾਡੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਨਵਾਂ ਮਾਧਿਅਮ ਬਣੇਗੀ। ਇਹ ਨਵੀਂ ਇਮਾਰਤ ਆਤਮ-ਨਿਰਭਰ ਭਾਰਤ ਦੇ ਸੂਰਜ ਚੜ੍ਹਨ ਦੀ ਗਵਾਹ ਬਣੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ਦੇ ਕੁਝ ਪਲ ਅਮਰ ਹੋ ਜਾਂਦੇ ਹਨ ਅਤੇ ਅੱਜ ਦਾ ਦਿਨ ਅਜਿਹਾ ਹੀ ਇੱਕ ਦਿਨ ਹੈ। ਇਸ ਦੇ ਨਾਲ ਹੀ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਤਵਾਰ ਨੂੰ ਸੰਸਦ ਮੈਂਬਰਾਂ ਨੂੰ ਨਵੇਂ ਸੰਕਲਪ ਨਾਲ ਨਵੀਂ ਇਮਾਰਤ ਵਿਚ ਦਾਖਲ ਹੋਣ ਅਤੇ ਸੰਸਦੀ ਅਨੁਸ਼ਾਸਨ, ਮਰਿਆਦਾ ਅਤੇ ਮਾਣ ਦੇ ਨਵੇਂ ਮਾਪਦੰਡ ਸਥਾਪਤ ਕਰਨ ਦਾ ਸੱਦਾ ਦਿੱਤਾ। 

ਉਨ੍ਹਾਂ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਓਮ ਬਿਰਲਾ ਨੇ ਕਿਹਾ ਕਿ “ਪੂਰਾ ਦੇਸ਼ ਆਜ਼ਾਦੀ ਦੇ ਅੰਮ੍ਰਿਤਕਾਲ ਵਿਚ ਇਸ ਮਹੱਤਵਪੂਰਨ ਅਤੇ ਇਤਿਹਾਸਕ ਪਲ ਦਾ ਗਵਾਹ ਹੈ। ਪ੍ਰਧਾਨ ਮੰਤਰੀ ਦੇ ਦ੍ਰਿੜ ਇਰਾਦੇ ਅਤੇ ਪ੍ਰੇਰਨਾਦਾਇਕ ਮਾਰਗਦਰਸ਼ਨ ਨਾਲ ਇਹ ਇਮਾਰਤ ਢਾਈ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਮੁਕੰਮਲ ਹੋ ਗਈ। ਉਨ੍ਹਾਂ ਕਾਰੀਗਰਾਂ ਅਤੇ ਮਜ਼ਦੂਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਨਵੀਂ ਸੰਸਦ ਦੀ ਇਮਾਰਤ ਸਿਆਸੀ ਸਹਿਮਤੀ ਬਣਾਉਣ ਵਿਚ ਮਦਦ ਕਰੇਗੀ ਅਤੇ ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਦਾ ਪ੍ਰਤੀਕ ਹੋਵੇਗੀ। ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਦਾ ਹੱਲ ਲੱਭੇਗਾ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨੇ ਨਵੇਂ ਸੰਸਦ ਭਵਨ ਦੇ ਲੋਕ ਸਭਾ ਚੈਂਬਰ ਵਿਚ ਆਯੋਜਿਤ ਇੱਕ ਪ੍ਰੋਗਰਾਮ ਵਿਚ ਧਨਖੜ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।