ਹਿਮਾਚਲ ਪੁੱਜੀ ਮਾਨਸੂਨ, ਪੰਜਾਬ 'ਚ ਆਸਾਰ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰੀ ਰਾਜਾਂ ਵਿਚ ਇਕ ਦਿਨ ਪਹਿਲਾਂ ਹੋਈ ਮਾਨਸੂਨ ਦੀ ਆਮਦ

Monsoon in Himachal Pardesh

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਨੇ ਦਸਤਕ ਦੇ ਦਿਤੀ ਹੈ। ਸੂਬੇ ਦੇ ਬਹੁਤੇ ਇਲਾਕਿਆਂ ਵਿਚ ਅੱਜ ਖ਼ੂਬ ਮੀਂਹ ਪਿਆ। ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦਸਿਆ ਕਿ ਮਾਨਸੂਨ ਪਹਾੜੀ ਰਾਜ ਵਿਚ ਸਮੇਂ ਸਿਰ ਪਹੁੰਚ ਗਈ ਹੈ। ਇਥੇ ਪਹੁੰਚਣ ਦੀ ਤਰੀਕ 25 ਜੂਨ ਸੀ ਅਤੇ ਇਕ ਹਫ਼ਤੇ ਪਹਿਲਾਂ ਜਾਂ ਬਾਅਦ ਵਿਚ ਮਾਨਸੂਨ ਦੇ ਪਹੁੰਚਣ ਨੂੰ ਆਮ ਗੱਲ ਮੰਨਿਆ ਜਾਂਦਾ ਹੈ।

ਸੂਬੇ ਦੀ ਰਾਜਧਾਨੀ ਵਿਚ 36.4 ਡਿਗਰੀ ਮੀਂਹ ਪਿਆ। ਇਹ ਸਤੰਬਰ ਦੇ ਆਖ਼ਰੀ ਹਫ਼ਤੇ ਤਕ ਸਰਗਰਮ ਰਹੇਗੀ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਬਹੁਤੇ ਇਲਾਕਿਆਂ ਵਿਚ ਕਲ ਭਾਰੀ ਮੀਂਹ ਪਵੇਗਾ ਅਤੇ 29 ਮਾਰਚ ਤੇ 30 ਜੂਨ ਨੂੰ ਕਾਫ਼ੀ ਮੀਂਹ ਪੈ ਸਕਦਾ ਹੈ। ਉਧਰ, ਦਿੱਲੀ ਤੋਂ ਮੌਸਮ ਵਿਭਾਗ ਦੇ ਅਧਿਕਾਰੀ ਕੁਲਦੀਪ ਸ੍ਰੀਵਾਸਤਵ ਨੇ ਦਸਿਆ ਕਿ ਉੱਤਰੀ ਰਾਜਾਂ ਵਿਚ ਇਕ ਦਿਨ ਪਹਿਲਾਂ ਮਾਨਸੂਨ ਨੇ ਦਸਤਕ ਦੇ ਦਿਤੀ ਹੈ। ਦਿੱਲੀ ਵਿਚ ਕਲ ਮੀਂਹ ਪੈਣ ਦੇ ਪੂਰੇ ਆਸਾਰ ਹਨ ਅਤੇ ਅੱਜ ਵੀ ਕਈ ਥਾਵਾਂ 'ਤੇ ਮੀਂਹ ਪਿਆ।

ਉਨ੍ਹਾਂ ਦਸਿਆ ਕਿ ਮਾਨਸੂਨ ਦੀ ਸਰਗਰਮੀ ਨੂੰ ਵੇਖਦਿਆਂ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀਰਵਾਰ ਨੂੰ ਮਾਨਸੂਨ ਦਸਤਕ ਦੇ ਦੇਵੇਗੀ। ਮੌਸਮ ਵਿਭਾਗ ਨੇ 29 ਜੂਨ ਨੂੰ ਮਾਨਸੂਨ ਦੇ ਦਿੱਲੀ ਵਿਚ ਪਹੁੰਚਣ ਦੀ ਸੰਭਾਵਨਾ ਪ੍ਰਗਟ ਕੀਤੀ ਸੀ। ਸ੍ਰੀਵਾਸਤਵ ਨੇ ਦਸਿਆ ਕਿ ਅੱਜ ਸਵੇਰੇ ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਮਾਨਸੂਨ ਪੂਰਬਲਾ ਮੀਂਹ ਪਿਆ। ਉਨ੍ਹਾਂ ਦਸਿਆ ਕਿ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁੱਝ ਇਲਾਕਿਆਂ ਵਿਚ ਮਾਨਸੂਨ ਤੋਂ ਪਹਿਲਾਂ ਮੀਂਹ ਪੈ ਗਿਆ ਹੈ ਤੇ ਇਥੇ ਵੀ ਇਕ-ਦੋ ਦਿਨਾਂ ਵਿਚ ਮਾਨਸੂਨ ਪਹੁੰਚ ਸਕਦੀ ਹੈ।

ਕਲ ਤੜਕੇ ਇਹ ਦਿੱਲੀ ਪਹੁੰਚ ਜਾਵੇਗੀ। ਉਧਰ, ਗਰਮੀ ਨਾਲ ਝੁਲਸ ਰਹੇ ਯੂਪੀ, ਝਾਰਖੰਡ, ਬਿਹਾਰ ਅਤੇ ਪਛਮੀ ਬੰਗਾਲ ਵਿਚ ਵੀ ਮਾਨਸੂਨ ਨੇ ਦਸਤਕ ਦੇ ਦਿਤੀ ਹੈ। ਪਿਛਲੇ 24 ਘੰਟਿਆਂ ਵਿਚ ਪਛਮੀ ਬੰਗਾਲ ਦੇ ਬਹੁਤੇ ਇਲਾਕਿਆਂ, ਬਿਹਾਰ ਦੇ ਕਈ ਇਲਾਕਿਆਂ ਵਿਚ ਮੀਂਹ ਪਿਆ ਹੈ। ਵਿਭਾਗ ਨੇ ਇਨ੍ਹਾਂ ਰਾਜਾਂ ਵਿਚ ਹਲਕੀ ਤੋਂ ਤੇਜ਼ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।  (ਏਜੰਸੀ)