ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਹਸਪਤਾਲ ਪਹੁੰਚੀ ਲਾੜੀ, ਕਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀ ਦੇ ਸੰਪਰਕ ਵਿਚ ਆਉਣ ਵਾਲੇ ਬਾਕੀ ਲੋਕਾਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ

bride

ਬੈਂਗਲੁਰੂ : ਕਰੋਨਾ ਵਾਇਰਸ ਮਹਾਮਾਰੀ ਲੋਕਾਂ ਨੂੰ ਅਜਿਹੇ ਰੰਗ ਵਿਖਾ ਰਹੀ ਹੈ, ਜਿਸ ਦੀ ਕਦੇ ਕਿਸੇ ਨੇ ਕਲਪਨਾ  ਵੀ ਨਹੀਂ ਸੀ ਕੀਤੀ। ਕਦੇ ਕਿਸੇ ਨੇ ਸੋਚਿਆ ਤਕ ਨਹੀਂ ਹੋਣਾ ਕਿ ਵਿਆਹ ਵਰਗੀ ਰਸਮ 'ਤੇ ਵੀ ਕਿਸੇ ਬਿਮਾਰੀ ਦਾ ਛਾਇਆ ਇਸ ਕਦਮ ਪੈ ਸਕਦੈ ਕਿ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਇਲਾਜ ਨੂੰ ਤਰਜੀਹ ਦੇਣੀ ਪਵੇ। ਪਰ ਕਰੋਨਾ ਕਾਲ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਅਜਿਹਾ ਹੀ ਇਕ ਮਾਮਲਾ ਕਰਨਾਟਕ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਲਾੜੀ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਹਸਪਤਾਲ 'ਚ ਭਰਤੀ ਹੋਣਾ ਪਿਆ ਹੈ। ਅਸਲ 'ਚ ਲਾੜੀ ਨੂੰ ਜਿਉਂ ਹੀ ਅਪਣੀ ਰਿਪੋਰਟ ਪਾਜ਼ੇਟਿਵ ਆਉਣ ਦਾ ਪਤਾ ਚੱਲਿਆ, ਉਸ ਨੇ ਵਿਆਹ ਦੀਆਂ ਰਸਮਾਂ 'ਚ ਸ਼ਾਮਲ ਹੋਣ ਦੀ ਬਜਾਏ ਖੁਦ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਨੂੰ ਤਰਜੀਹ ਦਿਤੀ।

ਸੂਤਰਾਂ ਮੁਤਾਬਕ ਕੁੜੀ ਨੇ ਵੀਰਵਾਰ ਨੂੰ ਅਪਣੀ ਲਾਰ ਦਾ ਨਮੂਨਾ ਦਿਤਾ ਸੀ। ਇਸ ਲੜਕੀ ਦਾ ਤਾਮਿਲਨਾਡੂ ਦੇ ਇਕ ਲੜਕੇ ਨਾਲ ਵਿਆਹ ਹੋਣ ਵਾਲਾ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਦੀਆਂ ਆਖ਼ਰੀ ਰਸਮਾਂ ਹੋਣ ਹੀ ਵਾਲੀਆਂ ਸਨ ਜਦੋਂ ਬ੍ਰਹਿਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀਬੀਐਮਪੀ) ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਜਦੋਂ ਵਿਆਹ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਆਉਣ ਦਾ ਕਾਰਨ ਪੁਛਿਆ ਤਾਂ ਅਧਿਕਾਰੀਆਂ ਨੇ ਵਿਆਹ ਵਾਲੀ ਕੁੜੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਦਸਿਆ। ਇਸ ਤੋਂ ਬਾਅਦ ਵਿਆਹ ਵਾਲੀ ਲੜਕੀ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਦੀ  ਬਜਾਏ ਖੁਦ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਦਾ ਫ਼ੈਸਲਾ ਲਿਆ।

ਇਸ ਤੋਂ ਬਾਅਦ ਬੀਬੀਐਮਪੀ ਅਧਿਕਾਰੀਆਂ ਵਲੋਂ ਲੜਕੀ ਦੇ ਸੰਪਰਕ ਵਿਚ ਆਉਣ ਵਾਲੇ ਕਈ ਹੋਰ ਲੋਕਾਂ ਨੂੰ ਹਪਸਤਾਲ ਭੇਜਿਆ ਗਿਆ। ਹੁਣ ਇਨ੍ਹਾਂ ਸਾਰਿਆਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।