ਮੋਦੀ ਦੀ ਚੀਨ ਨੂੰ ਦੋ-ਟੁਕ: ਭਾਰਤ ਅੱਖਾਂ 'ਚ ਅੱਖਾਂ ਪਾ ਕੇ ਢੁਕਵਾਂ ਜਵਾਬ ਦੇਣਾ ਜਾਣਦੈ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲੱਦਾਖ 'ਚ ਭਾਰਤੀ ਸੈਨਾ ਨੇ ਅਪਣੀ ਸਰਹੱਦ ਅੰਦਰ ਦਾਖ਼ਲ ਹੋਣ ਵਾਲਿਆਂ ਨੂੰ ਢੁਕਵਾਂ ਜਵਾਬ ਦਿਤਾ

PM Narendra Modi

ਨਵੀਂ ਦਿੱਲੀ : ਚੀਨ ਭਾਰਤ ਨੂੰ ਹਮੇਸ਼ਾਂ ਤੋਂ ਹੀ ਧੋਖਾ ਦਿੰਦਾ ਆ ਰਿਹਾ ਹੈ। ਪਿਛਲੇ ਸਮੇਂ ਦੌਰਾਨ ਜਦੋਂ-ਜਦੋਂ ਵੀ ਭਾਰਤ ਨੇ ਚੀਨ ਵੱਲ ਦੋਸਤੀ ਦਾ ਹੱਥ ਵਧਾਇਆ ਹੈ, ਚੀਨ ਨੇ ਇਸ ਦਾ ਜਵਾਬ ਹਮੇਸ਼ਾ ਧੋਖੇ ਅਤੇ ਫਰੇਬ ਦੇ ਰੂਪ ਵਿਚ ਹੀ ਦਿਤਾ ਹੈ। ਸਮੇਂ ਦੇ ਬਦਲਣ ਨਾਲ ਹੁਣ ਭਾਰਤ ਵੀ ਚੀਨ ਦੀਆਂ ਚਾਲਾਂ ਨੂੰ ਬਾਖੂਬੀ ਸਮਝਣ ਲੱਗ ਪਿਆ ਹੈ।

ਪਿਛਲੇ ਦਿਨਾਂ ਦੌਰਾਨ ਗਲਵਾਨ ਘਾਟੀ ਵਿਚ ਹੋਈ ਝੜਪ ਦੌਰਾਨ ਵੀ ਭਾਰਤੀ ਜਵਾਨਾਂ ਨੇ ਚੀਨ ਨੂੰ ਢੁਕਵਾਂ ਜਵਾਬ ਦਿਤਾ ਹੈ। ਇਸ ਦੇ ਬਾਵਜੂਦ ਚੀਨ ਦੀਆਂ ਪਿੱਠ ਪਿੱਛੇ ਵਾਰ ਕਰਨ ਵਾਲੀਆਂ ਚਾਲਾਂ 'ਚ ਕੋਈ ਕਮੀ ਨਹੀਂ ਆ ਰਹੀ। ਹੁਣ ਦੇਸ਼ ਅੰਦਰ ਚੀਨ ਖਿਲਾਫ਼ ਗੁੱਸਾ ਤੇ ਨਫ਼ਰਤ ਅਪਣੀ ਚਰਮ-ਸੀਮਾ 'ਤੇ ਪਹੁੰਚ ਚੁੱਕਾ ਹੈ। ਲੋਕ ਥਾਂ-ਥਾਂ ਚੀਨੀ ਸਮਾਨ ਦੇ ਬਾਈਕਾਟ ਦਾ ਐਲਾਨ ਕਰ ਰਹੇ ਹਨ।

ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੀਨ ਨੂੰ ਸਖ਼ਤ ਲਹਿਜੇ 'ਚ ਚਿਤਾਵਨੀ ਦਿੰਦਿਆਂ ਅਪਣੀਆਂ ਕੂਟਿਲ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਪ੍ਰੋਗਰਾਮ ਮੰਨ ਕੀ ਬਾਤ ਦੌਰਾਨ ਚੀਨ ਨੂੰ ਦੋ ਟੁਕ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਦੋਸਤੀ ਨਿਭਾਉਣੀ ਜਾਣਦਾ ਹੈ ਤਾਂ ਉਹ ਅੱਖਾਂ 'ਚ ਅੱਖਾਂ ਪਾ ਕੇ ਵੇਖਣਾ ਤੇ ਢੁਕਵਾਂ ਜਵਾਬ ਦੇਣਾ ਵੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਫ਼ੌਜੀ ਜਵਾਨਾਂ ਨੇ ਇਕ ਵਾਰ ਫਿਰ ਵਿਖਾ ਦਿਤਾ ਹੈ ਕਿ ਉਹ ਭਾਰਤ ਵੱਲ ਕਿਸੇ ਨੂੰ ਵੀ ਕੈਰੀ ਅੱਖ ਕਰ ਕੇ ਵੇਖਣ ਨਹੀਂ ਦੇਣਗੇ।

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਅਪਣੀ ਪ੍ਰਭੁਸੱਤਾ ਤੇ ਸਰਹੱਦਾਂ ਦੀ ਰਾਖੀ ਲਈ ਪ੍ਰਤੀਬੱਧਤਾ ਦੀ ਤਾਕਤ ਨੂੰ ਵੇਖ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੱਦਾਖ ਵਿਚ ਸਾਡੀ ਸੈਨਾ ਨੇ ਸਾਡੀਆਂ ਸਰਹੱਦਾਂ ਅੰਦਰ ਦਾਖ਼ਲ ਹੋਣ ਵਾਲਿਆਂ ਨੂੰ ਢੁਕਵਾਂ ਜਵਾਬ ਦਿਤਾ ਹੈ। ਪ੍ਰਧਾਨ ਮੰਤਰੀ ਨੇ ਲੱਦਾਖ 'ਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੂਰਾ ਦੇਸ਼ ਅਪਣੇ ਬਹਾਦਰ ਸ਼ਹੀਦਾਂ ਨੂੰ ਯਾਦ ਕਰਦਾ ਹੈ।

ਉਨ੍ਹਾਂ ਕਿਹਾ ਕਿ ਲੱਦਾਖ ਵਿਚ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਦੀ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਰਵਾਰ ਜਿਨ੍ਹਾਂ ਨੇ ਅਪਣੇ ਪੁੱਤਰਾਂ ਨੂੰ ਗੁਆ ਲਿਆ ਹੈ, ਉਹ ਅਜੇ ਵੀ ਅਪਣੇ ਹੋਰ ਬੱਚਿਆਂ ਨੂੰ ਰੱਖਿਆ ਬਲਾਂ 'ਚ ਭਰਤੀ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਭਾਵਨਾ ਤੇ ਕੁਰਬਾਨੀ ਬਹੁਤ ਹੀ ਸਤਿਕਾਰਯੋਗ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।