'ਕੀ ਗੁਰੂ ਨਾਨਕ ਸਾਹਿਬ ਨੇ ਵੀ ਅਪਣੇ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਸਿੱਖੀ ਵਿਚੋਂ ਛੇਕਿਆ ਸੀ'?
ਅਕਾਲ ਤਖ਼ਤ ਸਾਹਿਬ ਦੇ ਨਾਂ ਹੇਠ ਅੱਜ ਸਿੱਖ ਵਿਦਵਾਨਾਂ/ ਪ੍ਰਚਾਰਕਾਂ ਨੂੰ ਪੰਥ ਵਿਚੋਂ ਛੇਕਣ ਦੇ ਹੁਕਮਨਾਮੇ ਸੁਣਾਏ........
ਨਵੀਂ ਦਿੱਲੀ: ਅਕਾਲ ਤਖ਼ਤ ਸਾਹਿਬ ਦੇ ਨਾਂ ਹੇਠ ਅੱਜ ਸਿੱਖ ਵਿਦਵਾਨਾਂ/ ਪ੍ਰਚਾਰਕਾਂ ਨੂੰ ਪੰਥ ਵਿਚੋਂ ਛੇਕਣ ਦੇ ਹੁਕਮਨਾਮੇ ਸੁਣਾਏ ਜਾ ਰਹੇ ਹਨ, ਪਰ ਕੀ ਕਦੇ ਗੁਰੂ ਨਾਨਕ ਸਾਹਿਬ ਨੇ ਵੀ ਅਪਣੇ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਛੇਕਿਆ ਸੀ?
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਇਥੋਂ ਦੀ ਜਥੇਬੰਦੀ ਗੁਰਬਾਣੀ ਵਿਚਾਰ ਕੇਂਦਰ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਹੈ,“ਕੀ ਕਦੇ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਛੇਕਿਆ। ਅੱਜ ਜਿਸ ਨਾਲ ਅਸੀਂ ਨਹੀਂ ਸਹਿਮਤ, ਉਸ ਨੂੰ ਅਕਾਲ ਤਖ਼ਤ ਦਾ ਨਾਂ ਵਰਤ ਕੇ, ਛੇਕਿਆ ਜਾ ਰਿਹਾ ਹੈ।
ਅਸੀਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ, ਪਰ ਜੋ ਗੱਲਾਂ ਉਨ੍ਹਾਂ ਹੁਣ ਤਕ ਸਟੇਜਾਂ 'ਤੇ ਆਖੀਆਂ ਹਨ, ਉਹ ਤਾਂ ਪਹਿਲਾਂ ਤੋਂ ਸਾਡੇ ਕੋਲ ਹਾਜ਼ਰ ਗ੍ਰੰਥਾਂ/ਕਿਤਾਬਾਂ ਵਿਚ ਲਿਖੀਆਂ ਗਈਆਂ ਹਨ, ਉਨ੍ਹਾਂ ਬਾਰੇ ਅਕਾਲ ਤਖ਼ਤ ਸਾਹਿਬ ਤੋਂ ਕੀ ਸਟੈਂਡ ਲਿਆ ਗਿਆ ਹੈ?”
ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਭਾਈ ਖ਼ਾਲਸਾ ਨੇ ਕਿਹਾ,“ਪੰਥਕ ਰਵਾਇਤਾਂ ਮੁਤਾਬਕ ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰ ਚਰਚਾ ਕਰਨ ਦੀ ਬਜਾਏ ਹਰ ਕਿਸੇ ਨੂੰ ਕਦੋਂ ਤਕ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਜਾਂਦਾ ਰਹੇਗਾ?
ਪਹਿਲਾਂ ਸ.ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸ.ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ.ਇੰਦਰ ਸਿੰਘ ਘੱਗਾ ਨੂੰ ਪੰਥ ਵਿਚੋਂ ਛੇਕ ਕੇ ਸਿੱਖੀ ਦੀ ਕਿਹੜੀ ਮਹਾਨ ਸੇਵਾ ਕੀਤੀ ਗਈ ਹੈ, ਜੋ ਹੁਣ ਢਡਰੀਆਂ ਵਾਲਿਆਂ 'ਤੇ ਪਾਬੰਦੀ ਲਾ ਕੇ, ਗਿਆਨੀ ਹਰਪ੍ਰੀਤ ਸਿੰਘ ਲਿਫ਼ਾਫ਼ੇ ਵਿਚ ਬੰਦ ਹੁਕਮਾਂ ਨੂੰ ਸੰਗਤ 'ਤੇ ਥੋਪ ਰਹੇ ਹਨ। ਕੀ ਸਾਰਿਆਂ ਨੂੰ ਮਰਨ ਪਿਛੋਂ ਹੀ ਪੰਥ ਵਿਚ ਸ਼ਾਮਲ ਕੀਤਾ ਜਾਵੇਗਾ? ਇਸ ਨਾਲ ਦੁਨੀਆਂ ਪੱਧਰ 'ਤੇ ਸਾਡੇ ਜਥੇਦਾਰ ਕੀ ਸੁਨੇਹਾ ਦੇ ਰਹੇ ਹਨ?”