ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ 'ਨੀਲਕੰਠਾ ਭਾਨੂ ਪ੍ਰਕਾਸ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਇੰਸ ਦੇ ਇਸ ਯੁੱਗ ਵਿਚ ਅਸੀਂ ਵਿਗਿਆਨੀਆਂ ਵੱਲੋਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ.........................

file photo

ਸਾਇੰਸ ਦੇ ਇਸ ਯੁੱਗ ਵਿਚ ਅਸੀਂ ਵਿਗਿਆਨੀਆਂ ਵੱਲੋਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ, ਇਨ੍ਹਾਂ ਵਿਚੋਂ ਇਕ ਮਸ਼ੀਨ ਹੈ ਕੈਲਕੁਲੇਟਰ, ਜਿਸ ਨਾਲ ਪਲਾਂ ਵਿਚ ਹੀ ਕਰੋੜਾਂ ਦਾ ਹਿਸਾਬ ਕਿਤਾਬ ਕੀਤਾ ਜਾ ਸਕਦਾ ਪਰ ਕੀ ਤੁਸੀਂ ਕਿਸੇ ਅਜਿਹੇ ਸਖ਼ਸ਼ ਬਾਰੇ ਸੋਚ ਸਕਦੇ ਹੋ ਜੋ ਕੈਲਕੁਲੇਟਰ ਤੋਂ ਵੀ ਜ਼ਿਆਦਾ ਤੇਜ਼ ਹੋਵੇ।

ਜੀ ਹਾਂ, ਅਜਿਹੇ ਹੀ ਸਖ਼ਸ਼ ਦਾ ਨਾਮ ਹੈ ਨੀਲਕੰਠਾ ਭਾਨੂੰ ਪ੍ਰਕਾਸ਼, ਜਿਸ ਨੇ ਮਹਿਜ਼ 20 ਸਾਲ ਦੀ ਉਮਰ ਵਿਚ 'ਮਾਨਸਿਕ ਗਣਨਾ ਵਿਸ਼ਵ ਚੈਂਪੀਅਨਸ਼ਿਪ' ਵਿਚ ਪਹਿਲਾ ਸੋਨ ਤਮਗ਼ਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। 

ਨੀਲਕੰਠਾ ਭਾਨੂ ਪ੍ਰਕਾਸ਼ ਗਣਿਤ ਦੇ ਲਈ ਉਹ ਨਾਮ ਹੈ ਜਿਵੇਂ ਰੇਸਿੰਗ ਮੁਕਾਬਲਿਆਂ ਵਿਚ ਉਸੈਨ ਬੋਲਟ ਦਾ ਨਾਮ। ਭਾਨੂ ਦਾ ਕਹਿਣਾ ਕਿ ਗਣਿਤ ਇਕ 'ਵੱਡੀ ਮਾਨਸਿਕ ਖੇਡ' ਹੈ ਪਰ ਉਸ ਦਾ ਆਖ਼ਰੀ ਮਿਸ਼ਨ ਨੌਜਵਾਨਾਂ ਵਿਚੋਂ ਗਣਿਤ ਦੇ ਡਰ ਨੂੰ ਖ਼ਤਮ ਕਰਨ ਦਾ ਹੈ। ਉਹ ਹਰ ਸਮੇਂ ਨੰਬਰਾਂ ਬਾਰੇ ਹੀ ਸੋਚਦਾ ਰਹਿੰਦਾ ਅਤੇ ਅਪਣੀ ਇਸੇ ਖ਼ੂਬੀ ਸਦਕਾ ਉਹ ਅੱਜ ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਹੈ।

ਜੇਕਰ ਤੁਸੀਂ ਸੋਚਦੇ ਹੋ ਕਿ ਭਾਨੂ ਵਿਚ ਇਹ ਵਿਸ਼ੇਸ਼ਤਾ ਬਚਪਨ ਤੋਂ ਹੀ ਹੋਵੇਗੀ ਤਾਂ ਇਹ ਸਹੀ ਨਹੀਂ ਹੈ। ਦਰਅਸਲ ਇਕ ਦੁਰਘਟਨਾ ਨੇ ਉਸ ਨੂੰ ਇਸ ਖ਼ੂਬੀ ਨਾਲ ਨਿਵਾਜ਼ ਦਿੱਤਾ। ਇਹ ਦੁਰਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਉਹ ਮਹਿਜ਼ ਪੰਜ ਸਾਲਾਂ ਦਾ ਸੀ। ਉਸ ਦੇ ਸਿਰ ਵਿਚ ਸੱਟ ਵੱਜੀ ਸੀ, ਜਿਸ ਕਾਰਨ ਉਸ ਨੂੰ ਇਕ ਸਾਲ ਤਕ ਬਿਸਤਰੇ 'ਤੇ ਰਹਿਣਾ ਪਿਆ।

ਬਸ ਇਹੀ ਉਹ ਸਮਾਂ ਸੀ, ਜਦੋਂ ਉਸ ਦੀ ਗਣਿਤ ਨਾਲ ਹੈਰਾਨੀਜਨਕ ਯਾਤਰਾ ਸ਼ੁਰੂ ਹੋਈ। ਡਾਕਟਰਾਂ ਨੇ ਉਸ ਦੇ ਮਾਪਿਆਂ ਨੂੰ ਇਹ ਕਹਿ ਦਿੱਤਾ ਸੀ ਕਿ ਹੋ ਸਕਦਾ ਇਸ ਦੁਰਘਟਨਾ ਮਗਰੋਂ ਉਨ੍ਹਾਂ ਦਾ ਬੱਚਾ ਬੌਧਿਕ ਤੌਰ 'ਤੇ ਕਮਜ਼ੋਰ ਹੋ ਜਾਵੇ, ਇਸੇ ਲਈ ਉਸ ਨੇ ਅਪਣੇ ਦਿਮਾਗ਼ ਨੂੰ ਰੁੱਝੇ ਰੱਖਣ ਲਈ ਮਾਨਸਿਕ ਗਣਿਤ ਦੀਆਂ ਗਣਨਾਵਾਂ ਨੂੰ ਚੁਣਿਆ, ਯਾਨੀ ਹਰ ਸਮੇਂ ਦਿਮਾਗ਼ ਵਿਚ ਜੋੜ ਘਟਾਓ ਕਰਨਾ ਸ਼ੁਰੂ ਕਰ ਦਿੱਤਾ।

ਠੀਕ ਹੋਣ ਮਗਰੋਂ ਵੀ ਭਾਨੂੰ ਨੇ ਇਸ ਨੂੰ ਜਾਰੀ ਰੱਖਿਆ।ਉੱਚ ਕੁਸ਼ਲ ਪੱਧਰ ਦੇ ਪ੍ਰਤੀਯੋਗੀ ਵਾਂਗ ਉਸ ਨੇ ਆਪਣੀ ਸਫ਼ਲਤਾ ਦੀ ਤਿਆਰੀ ਲਈ ਪੂਰੀ ਜੀਅ ਜਾਨ ਲਗਾਉਣੀ ਸ਼ੁਰੂ ਕਰ ਦਿੱਤੀ। ਛੋਟੀ ਉਮਰ ਵਿਚ ਭਾਨੂ ਸਕੂਲ ਤੋਂ ਇਲਾਵਾ ਦਿਨ ਵਿਚ ਛੇ ਤੋਂ ਸੱਤ ਘੰਟੇ ਅਭਿਆਸ ਕਰਦਾ ਸੀ, ਅਪਣੇ ਇਸੇ ਅਭਿਆਸ ਦੇ ਚਲਦਿਆਂ ਉਸ ਨੇ ਵਿਸ਼ਵ ਭਰ ਦੇ ਚੈਂਪੀਅਨਾਂ ਦਾ ਰਿਕਾਰਡ ਤੋੜ ਦਿੱਤਾ। ਭਾਨੂੰ ਨੇ ਇਕ ਇੰਟਰਵਿਊ ਦੇ ਦੌਰਾਨ 48 ਵਾਰ ਟੇਬਲ ਸੁਣਾ ਕੇ ਇਸ ਦਾ ਪ੍ਰਦਰਸ਼ਨ ਕੀਤਾ।

ਉਹ ਹਰ ਸਮੇਂ ਨੰਬਰਾਂ ਦੇ ਜੋੜ ਤੋੜ ਵਿਚ ਲੱਗਿਆ ਰਹਿੰਦਾ ਏ, ਇੱਥੋਂ ਤਕ ਕਿ ਕਿਸੇ ਨਾਲ ਗੱਲਾਂ ਕਰਦੇ ਸਮੇਂ ਵੀ ਉਹ ਪਲਕਾਂ ਝਪਕਣ ਦੀ ਗਿਣਤੀ ਕਰਨ ਲਗਦਾ ਹੈ, ਸੁਣਨ ਨੂੰ ਇਹ ਭਾਵੇਂ ਅਜ਼ੀਬ ਲਗਦਾ ਹੋਵੇ ਪਰ ਉਸ ਦਾ ਕਹਿਣਾ ਕਿ ਅਜਿਹਾ ਕਰਨਾ ਤੁਹਾਡੇ ਦਿਮਾਗ਼ ਨੂੰ ਕਾਰਜਸ਼ੀਲ ਰੱਖਦਾ।

ਹੁਣ ਤਕ ਭਾਨੂੰ ਚਾਰ ਵਿਸ਼ਵ ਰਿਕਾਰਡ ਅਤੇ ਕਈ ਹੋਰ ਪ੍ਰਾਪਤੀਆਂ ਹਾਸਲ ਕਰ ਚੁੱਕਿਐ। ਭਾਨੂੰ ਦਾ ਕਹਿਣਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਦੁਨੀਆ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਬਣੇਗਾ।