ਚੰਪਾਈ ਸੋਰੇਨ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ JMM ਛੱਡੀ, ਮੰਤਰੀ ਅਤੇ ਵਿਧਾਇਕ ਦੇ ਅਹੁਦੇ ਤੋਂ ਦਿਤਾ ਅਸਤੀਫਾ
ਝਾਰਖੰਡ ਦੇ ਹਿੱਤ ’ਚ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ : ਚੰਪਾਈ ਸੋਰੇਨ
ਰਾਂਚੀ: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਬੁਧਵਾਰ ਨੂੰ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਤੋਂ ਅਸਤੀਫ਼ਾ ਦੇ ਦਿਤਾ ਅਤੇ ਕਿਹਾ ਕਿ ਉਹ ਪਾਰਟੀ ਦੀ ਮੌਜੂਦਾ ਕਾਰਜਸ਼ੈਲੀ ਅਤੇ ਨੀਤੀਆਂ ਤੋਂ ਦੁਖੀ ਹਨ | ਚੰਪਾਈ ਸੋਰੇਨ 30 ਅਗੱਸਤ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਨ। ਉਨ੍ਹਾਂ ਨੇ ਰਾਜ ਵਿਧਾਨ ਸਭਾ ਦੇ ਮੈਂਬਰ ਅਤੇ ਝਾਰਖੰਡ ’ਚ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿਤਾ ਹੈ।
ਚੰਪਾਈ ਸੋਰੇਨ ਨੇ ਕਿਹਾ, ‘‘ਅੱਜ ਮੈਂ ਝਾਰਖੰਡ ਮੁਕਤੀ ਮੋਰਚਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿਤਾ ਹੈ। ਮੈਂ ਝਾਰਖੰਡ ਦੇ ਆਦਿਵਾਸੀਆਂ, ਦਲਿਤਾਂ, ਓਬੀਸੀ ਅਤੇ ਆਮ ਲੋਕਾਂ ਦੇ ਮੁੱਦਿਆਂ ’ਤੇ ਲੜਨਾ ਜਾਰੀ ਰੱਖਾਂਗਾ।’’ ਪਾਰਟੀ ਮੁਖੀ ਸ਼ਿਬੂ ਸੋਰੇਨ ਨੂੰ ਲਿਖੀ ਚਿੱਠੀ ’ਚ ਸੀਨੀਅਰ ਕਬਾਇਲੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਹ ਜੇ.ਐਮ.ਐਮ. ਦੀ ਮੌਜੂਦਾ ਕਾਰਜਸ਼ੈਲੀ ਤੋਂ ਪਰੇਸ਼ਾਨ ਹਨ।
ਉਨ੍ਹਾਂ ਦੇ ਕਰੀਬੀ ਸੂਤਰਾਂ ਮੁਤਾਬਕ ਚੰਪਾਈ ਸੋਰੇਨ ਨੇ ਸਪੀਕਰ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਤੋਂ ਅਸਤੀਫਾ ਦੇਣ ਦੀ ਜਾਣਕਾਰੀ ਦਿਤੀ ਹੈ। ਉਸ ਨੇ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿਤਾ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੂਚਿਤ ਕਰਨ ਲਈ ਇਕ ਹੋਰ ਚਿੱਠੀ ਭੇਜਿਆ।
ਇਸ ਤੋਂ ਪਹਿਲਾਂ ਚੰਪਾਈ ਸੋਰੇਨ ਨੇ ਕਿਹਾ ਕਿ ਉਨ੍ਹਾਂ ਨੇ ਝਾਰਖੰਡ ਦੇ ਹਿੱਤ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਸੀਨੀਅਰ ਆਦਿਕਾਸੀ ਮੰਤਰੀ ਚੰਪਾਈ ਸੋਰੇਨ ਨੇ ਕਿਹਾ ਕਿ ਉਹ ਕਿਸੇ ਵੀ ਸਥਿਤੀ ਤੋਂ ਨਹੀਂ ਡਰਦੇ। ਉਨ੍ਹਾਂ ਨੇ ਇਸ ਹਫਤੇ ਦੇ ਸ਼ੁਰੂ ’ਚ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।
ਉਹ ਬੁਧਵਾਰ ਨੂੰ ਅਪਣੇ ਬੇਟੇ ਨਾਲ ਰਾਂਚੀ ਪਹੁੰਚੇ ਜਿੱਥੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ, ‘‘ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਝਾਰਖੰਡ ਦੇ ਹਿੱਤ ’ਚ ਹੈ....... ਮੈਨੂੰ ਸੰਘਰਸ਼ਾਂ ਦੀ ਆਦਤ ਹੈ।’’ ਨਿਗਰਾਨੀ ਹੇਠ ਹੋਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਸਥਿਤੀ ਤੋਂ ਨਹੀਂ ਡਰਦੇ। ਉਨ੍ਹਾਂ ਸੰਕੇਤ ਦਿਤਾ ਕਿ ਉਹ ਬੁਧਵਾਰ ਨੂੰ ਹੀ ਜੇ.ਐਮ.ਐਮ. ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੋਸ਼ ਲਾਇਆ ਸੀ ਕਿ ਚੰਪਾਈ ਸੋਰੇਨ ਦੀ ਪਿਛਲੇ ਪੰਜ ਮਹੀਨਿਆਂ ਤੋਂ ਅਪਣੀ ਸਰਕਾਰ ਲਈ ਪੁਲਿਸ ਜਾਸੂਸੀ ਕਰ ਰਹੀ ਹੈ।