ਕੇਂਦਰ ਸਰਕਾਰ ਦਾ ਕਰਮਚਾਰੀਆਂ ਨੂੰ ਤੋਹਫ਼ਾ, ਮਹਿੰਗਾਈ ਭੱਤੇ ’ਚ 4% ਦਾ ਕੀਤਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ 3 ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ।

Government raises Dearness Allowance of Central Government employees by 4 percent

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਤੋਹਫ਼ਾ ਦਿੱਤਾ ਹੈ। ਕੈਬਨਿਟ ਵਿਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀਏ) ਵਿਚ 4% ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ ਵਾਰ ਸਰਕਾਰ ਨੇ ਮਾਰਚ ਵਿਚ ਡੀਏ ਵਿਚ ਵਾਧਾ ਕੀਤਾ ਸੀ, ਇਹ 1 ਜਨਵਰੀ, 2022 ਤੋਂ ਲਾਗੂ ਹੋਇਆ ਸੀ।

ਮਾਰਚ 'ਚ ਸਰਕਾਰ ਨੇ ਡੀਏ 'ਚ 3 ਫੀਸਦੀ ਦਾ ਵਾਧਾ ਕੀਤਾ ਸੀ, ਯਾਨੀ ਇਸ ਨੂੰ 31 ਫੀਸਦੀ ਤੋਂ ਵਧਾ ਕੇ 34 ਫੀਸਦੀ ਕਰ ਦਿੱਤਾ ਗਿਆ ਸੀ। ਹੁਣ 4% ਦੇ ਵਾਧੇ ਤੋਂ ਬਾਅਦ ਇਹ 38% ਹੋ ਜਾਵੇਗਾ। ਸਰਕਾਰ ਦੇ ਮਹਿੰਗਾਈ ਭੱਤੇ ਵਿਚ ਵਾਧਾ ਕਰਨ ਨਾਲ ਦੇਸ਼ ਦੇ 50 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।

ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੂੰ 3 ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ਦੇ 3 ਸਭ ਤੋਂ ਵੱਡੇ ਸਟੇਸ਼ਨਾਂ ਨਵੀਂ ਦਿੱਲੀ, ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ ਅਤੇ ਅਹਿਮਦਾਬਾਦ ਸਟੇਸ਼ਨ ਦੇ ਪੁਨਰ ਵਿਕਾਸ ਲਈ 10 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਕਿੰਨੀ ਵਧੇਗੀ ਤਨਖਾਹ?

 ਜੇਕਰ ਕਿਸੇ ਕਰਮਚਾਰੀ ਦੀ ਤਨਖਾਹ 18000 ਰੁਪਏ ਹੈ ਤਾਂ 34 ਫੀਸਦੀ ਦੇ ਹਿਸਾਬ ਨਾਲ ਉਸ ਨੂੰ 6120 ਰੁਪਏ ਡੀਏ ਮਿਲਦਾ ਹੈ। ਜੇਕਰ ਡੀਏ 38 ਫੀਸਦੀ ਹੋ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ 6840 ਰੁਪਏ ਮਹਿੰਗਾਈ ਭੱਤੇ ਵਜੋਂ ਮਿਲਣਗੇ। ਯਾਨੀ ਉਸ ਨੂੰ 720 ਰੁਪਏ ਹੋਰ ਮਿਲਣਗੇ। ਯਾਨੀ ਸਾਲ ਦੇ ਹਿਸਾਬ ਨਾਲ 8,640 ਰੁਪਏ ਦਾ ਮੁਨਾਫਾ ਹੋਵੇਗਾ। ਇਸੇ ਤਰ੍ਹਾਂ ਜੇਕਰ ਕਿਸੇ ਸਰਕਾਰੀ ਕਰਮਚਾਰੀ ਦੀ ਮੁੱਢਲੀ ਤਨਖਾਹ 56,000 ਰੁਪਏ ਹੈ ਤਾਂ 38 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ 21,280 ਰੁਪਏ ਹੋਵੇਗਾ।