ਚਲਦੀ ਰੇਲ ਗੱਡੀ ਦੇ ਡੱਬੇ ਦਿਨ ’ਚ ਦੋ ਵਾਰ ਹੋਏ ਵੱਖ
ਬਾਂਦਰਾ-ਅੰਮ੍ਰਿਤਸਰ ਪਛਮੀ ਐਕਸਪ੍ਰੈਸ ਦੇ ਏ.ਸੀ. ਡੱਬੇ ਪਹਿਲਾਂ ਮਹਾਰਾਸ਼ਟਰ ਅਤੇ ਫਿਰ ਗੁਜਰਾਤ ’ਚ ਹੋਏ ਵੱਖ
ਮੁੰਬਈ : ਮਹਾਰਾਸ਼ਟਰ ਅਤੇ ਗੁਜਰਾਤ ’ਚ ਐਤਵਾਰ ਨੂੰ ਦੋ ਵਾਰੀ ਬਾਂਦਰਾ ਟਰਮੀਨਸ-ਅੰਮ੍ਰਿਤਸਰ ਪਛਮੀ ਐਕਸਪ੍ਰੈਸ ਦੇ ਡੱਬੇ ਵੱਖ ਹੋ ਗਏ, ਜਿਸ ਨਾਲ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ।
ਅਧਿਕਾਰੀਆਂ ਨੇ ਦਸਿਆ ਕਿ ਪਹਿਲੀ ਘਟਨਾ ਦੁਪਹਿਰ 1:19 ਵਜੇ ਵਨਗਾਓਂ ਅਤੇ ਦਹਾਨੂ ਸਟੇਸ਼ਨ ਦੇ ਵਿਚਕਾਰ ਅਤੇ ਦੂਜੀ ਦੁਪਹਿਰ 2:10 ਵਜੇ ਗੁਜਰਾਤ ਦੇ ਸੰਜਨ ਸਟੇਸ਼ਨ ਉਤੇ ਵਾਪਰੀ। ਪਛਮੀ ਰੇਲਵੇ ਦੇ ਇਕ ਬੁਲਾਰੇ ਨੇ ਦਸਿਆ ਕਿ ਕਿਸੇ ਵੀ ਮੁਸਾਫ਼ਰ ਨੂੰ ਕੋਈ ਸੱਟ ਜਾਂ ਪ੍ਰੇਸ਼ਾਨੀ ਨਹੀਂ ਹੋਈ ਅਤੇ ਇਸ ਨਾਲ ਰੇਲ ਗੱਡੀਆਂ ਦੇ ਸਮੁੱਚੇ ਕੰਮਕਾਜ ਉਤੇ ਕੋਈ ਅਸਰ ਨਹੀਂ ਪਿਆ ਹੈ।
ਸ਼ੁਰੂ ’ਚ, ਰੇਲਗੱਡੀ ਦੁਪਹਿਰ 1:46 ਵਜੇ ਵੱਖ ਹੋਈ। ਕੋਚਾਂ ਨੂੰ ਮੁੜ ਜੋੜਨ ’ਚ 25 ਮਿੰਟ ਲੱਗੇ। ਬੁਲਾਰੇ ਨੇ ਦਸਿਆ ਕਿ ਰੇਲਗੱਡੀ ਨੂੰ ਸੰਜਨ ਸਟੇਸ਼ਨ ਉਤੇ ਦੁਪਹਿਰ 3:15 ਵਜੇ ਇਕ ਹੋਰ ਅਨਕਪਲਿੰਗ ਦਾ ਸਾਹਮਣਾ ਕਰਨਾ ਪਿਆ। ਬੁਲਾਰੇ ਨੇ ਦਸਿਆ ਕਿ ਰੇਲ ਗੱਡੀ ਆਖਰਕਾਰ ਸ਼ਾਮ 4:46 ਵਜੇ ਰਵਾਨਾ ਹੋਈ। ਦੋਹਾਂ ਮੌਕਿਆਂ ਉਤੇ ਉਹੀ ਦੋ ਸੈਕਿੰਡ ਏ.ਸੀ. ਕੋਚ ਵੱਖ ਹੋਏ ਜੋ ਕਿ 23 ਕੋਚਾਂ ਵਾਲੀ ਰੇਲਗੱਡੀ ਦੇ ਇੰਜਣ ਤੋਂ 17ਵੇਂ ਅਤੇ 18ਵੇਂ ਸਨ। ਰੇਲਵੇ ਸੂਤਰਾਂ ਨੇ ਦਸਿਆ ਕਿ ਕੋਚਾਂ ਦੇ ਵਾਰ-ਵਾਰ ਖੁਲ੍ਹਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੋਰ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਨਿਰੀਖਣ ਤੋਂ ਬਾਅਦ ਇਨ੍ਹਾਂ ਦੋ ਸੈਕਿੰਡ ਏ.ਸੀ. ਕੋਚਾਂ ਦੀ ਥਾਂ ਦੋ ਥਰਡ ਏ.ਸੀ. ਕੋਚ ਲਗਾਏ ਗਏ, ਜਿਸ ਤੋਂ ਬਾਅਦ ਰੇਲ ਗੱਡੀ ਲਗਭਗ ਚਾਰ ਘੰਟੇ ਦੀ ਦੇਰੀ ਤੋਂ ਬਾਅਦ ਸੰਜਨ ਤੋਂ ਰਵਾਨਾ ਹੋਈ।
ਪਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵਿਨੀਤ ਅਭਿਸ਼ੇਕ ਨੇ ਕਿਹਾ ਕਿ ਸਾਮਾਨ ਨੂੰ ਇਕ ਕੋਚ ਤੋਂ ਦੂਜੇ ਕੋਚ ਵਿਚ ਤਬਦੀਲ ਕਰਨ ਲਈ 15 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਵਲਸਾਡ ਮੈਡੀਕਲ ਐਸੋਸੀਏਸ਼ਨ ਨੇ ਲਗਭਗ 100 ਮੁਸਾਫ਼ਰਾਂ ਲਈ ਚਾਹ ਅਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਸੀ।