ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਹਾਲਤ ਵਿਗੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਢਿੱਡ ਦਰਦ ਦੀ ਸ਼ਿਕਾਇਤ ਮਗਰੋਂ ਕਰਵਾਇਆ ਹਸਪਤਾਲ 'ਚ ਭਰਤੀ

P Chidambaram taken to AIIMS after stomach ache complaint

ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਸਿਹਤ ਵਿਗੜਨ ਤੋਂ ਬਾਅਦ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਫਿਲਹਾਲ ਆਈ.ਐਨ.ਐਕਸ. ਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਈ.ਡੀ. ਦੀ ਹਿਰਾਸਤ 'ਚ ਹਨ। ਢਿੱਡ ਦਰਦ ਦੀ ਸ਼ਿਕਾਇਤ ਤੋਂ ਬਾਅਦ ਚਿਦੰਬਰਮ ਨੂੰ ਏਮਜ਼ ਲਿਜਾਇਆ ਗਿਆ।

ਸੂਤਰਾਂ ਮੁਤਾਬਕ ਤਿਹਾੜ ਜੇਲ 'ਚ ਬੰਦ ਚਿਦੰਬਰਮ ਨੂੰ ਪਹਿਲਾਂ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ ਸੀ ਅਤੇ ਫਿਰ ਉਨ੍ਹਾਂ ਨੂੰ ਏਮਜ਼ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਚਿਦੰਬਰਮ ਨੇ ਪਿਛਲੇ ਹਫ਼ਤੇ ਅਦਾਲਤ ਦੀ ਸੁਣਵਾਈ ਦੌਰਾਨ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਢਿੱਡ 'ਚ ਦਰਦ ਲਈ ਹੈਦਰਾਬਾਦ ਇਲਾਜ ਲਈ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਸੀ ਕਿ ਇਲਾਜ ਤੋਂ ਬਾਅਦ ਵੀ ਉਨ੍ਹਾਂ ਦੀ ਹਿਰਾਸਤ ਜਾਰੀ ਰਹਿ ਸਕਦੀ ਹੈ। ਹਾਲਾਂਕਿ ਈ.ਡੀ. ਨੇ ਕਿਹਾ ਸੀ ਕਿ ਚਿਦੰਬਰਮ ਨੂੰ ਕਿਸੇ ਵੀ ਸਿਹਤ ਜ਼ਰੂਰਤ ਲਈ ਏਮਜ਼ ਲਿਜਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਆਈ.ਐਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਪੀ. ਚਿਦੰਬਰਮ ਨੂੰ ਬੀਤੇ ਮੰਗਲਵਾਰ ਜ਼ਮਾਨਤ ਦੇ ਦਿੱਤੀ ਸੀ। ਸੀਬੀਆਈ ਵਲੋਂ ਦਰਜ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਦੇ ਦੋ ਮਹੀਨੇ ਬਾਅਦ ਚਿਦੰਬਰਮ ਨੂੰ ਇਹ ਰਾਹਤ ਮਿਲੀ ਸੀ। ਪਰ ਉਨ੍ਹਾਂ ਨੂੰ ਜੇਲ 'ਚ ਹੀ ਰਹਿਣਾ ਹੋਵੇਗਾ, ਕਿਉਂਕਿ ਈ.ਡੀ. ਨੇ ਇਕ ਹੋਰ ਮਾਮਲੇ 'ਚ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।