ਰੈਗਿੰਗ ਦੌਰਾਨ ਜ਼ਖ਼ਮੀ ਹੋਇਆ ਡਿਬਰੂਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਹਸਪਤਾਲ ਵਿੱਚ ਦਾਖਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਜੀ ਹਸਪਤਾਲ ਦੇ ਆਈ.ਸੀ. ਯੂ. ਵਿਖੇ ਜ਼ੇਰੇ ਇਲਾਜ ਹੈ ਪੀੜਤ

Image

 

ਡਿਬਰੂਗੜ੍ਹ - ਅਸਾਮ ਦੀ ਡਿਬਰੂਗੜ੍ਹ ਯੂਨੀਵਰਸਿਟੀ ਦੇ ਇੱਕ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਨੂੰ ਹੋਸਟਲ ਵਿੱਚ ਰੈਗਿੰਗ ਦੌਰਾਨ ਕਥਿਤ ਤੌਰ 'ਤੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਯੂਨੀਵਰਸਿਟੀ ਦੇ 18 ਵਿਦਿਆਰਥੀਆਂ ਨੂੰ ਕੱਢ ਦਿੱਤਾ ਗਿਆ ਹੈ ਅਤੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 26 ਨਵੰਬਰ ਨੂੰ ਵਾਪਰੀ ਜਦੋਂ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਨੇ ਰੈਗਿੰਗ ਤੋਂ ਬਚਣ ਲਈ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਅਤੇ ਇੱਕ ਪੈਰ 'ਚ ਕਮਜ਼ੋਰੀ ਕਾਰਨ ਉਸ ਨੂੰ ਨਸਾਂ ਸੰਬੰਧੀ ਗੰਭੀਰ ਸੱਟਾਂ ਲੱਗੀਆਂ।  

ਇੱਕ ਸੂਤਰ ਨੇ ਕਿਹਾ, "ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨੂੰ ਠੀਕ ਹੋਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ।"

ਐਮ.ਕਾਮ ਪਹਿਲੇ ਸਮੈਸਟਰ ਦੇ ਵਿਦਿਆਰਥੀ ਅਤੇ ਯੂਨੀਵਰਸਿਟੀ ਦੇ ਪੀਐਨਜੀਬੀਸੀਐਨ ਹੋਸਟਲ ਦੇ ਬੋਰਡਰ ਦੇ ਵੀ ਹੱਥ ਵਿੱਚ ਫ੍ਰੈਕਚਰ ਹੋਇਆ ਹੈ। 

ਵਿਦਿਆਰਥੀਆਂ ਨੂੰ ਰੈਗਿੰਗ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਡਿਬਰੂਗੜ੍ਹ ਯੂਨੀਵਰਸਿਟੀ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ, ''ਉਸ ਦਾ ਡਿਬਰੂਗੜ੍ਹ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਇਲਾਜ ਚੱਲ ਰਿਹਾ ਹੈ।"

ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਦਿਆਰਥੀ ਦੀ ਮਾਂ ਨੇ ਐਤਵਾਰ ਨੂੰ ਡਿਬਰੂਗੜ੍ਹ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਬੇਟੇ ਨੂੰ ਉਸ ਦੇ ਸੀਨੀਅਰਾਂ ਨੇ ਸਰੀਰਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ। 

ਪੀੜਤ ਵਿਦਿਆਰਥੀ ਦੀ ਮਾਂ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਦੇ ਪੈਸੇ ਲੁੱਟ ਲਏ, ਉਸ ਦਾ ਮੋਬਾਈਲ ਖੋਹ ਲਿਆ ਅਤੇ ਉਸ ਨੂੰ ਬਦਨਾਮ ਕਰਨ ਲਈ ਹੱਥ ਵਿੱਚ ਸ਼ਰਾਬ ਅਤੇ ਗਾਂਜੇ ਨਾਲ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ।

ਉਸ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸ ਦੇ ਬੇਟੇ ਨੇ ਪਿਛਲੇ ਸਮੇਂ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਰੈਗਿੰਗ ਕਾਰਨ ਆਪਣੇ ਦੁਖੀ ਹੋਣ ਬਾਰੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।