ਔਰਤਾਂ ਦੇ ਕੱਪੜੇ ਪਹਿਨਣ 'ਤੇ ਇਤਰਾਜ਼ਯੋਗ ਟਿੱਪਣੀ - ਰਾਮਦੇਵ ਦਾ ਆਇਆ 'ਮੁਆਫ਼ੀਨਾਮਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਮੇਰੇ ਵੀਡੀਓ ਨੂੰ 'ਗ਼ਲਤ ਢੰਗ' ਨਾਲ ਪੇਸ਼ ਕੀਤਾ ਗਿਆ

Image

 

ਠਾਣੇ - ਪਤੰਜਲੀ ਵਾਲੇ ਰਾਮਦੇਵ ਨੇ ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਮੁਆਫ਼ੀ ਮੰਗੀ ਹੈ। ਰਾਮਦੇਵ ਨੇ ਇਸ ਬਾਰੇ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਕਾਂਕਰ ਨੂੰ ਈਮੇਲ ਭੇਜੀ ਹੈ। ਹਾਲਾਂਕਿ, ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਦਾ ਗਲਤ ਅਰਥ ਕੱਢਿਆ ਗਿਆ ਹੈ। ਉਸ ਦਾ ਇਰਾਦਾ ਔਰਤਾਂ ਦਾ ਅਪਮਾਨ ਕਰਨਾ ਨਹੀਂ ਸੀ।

ਇਸ ਮਾਮਲੇ 'ਚ ਵੱਡੇ ਪੱਧਰ 'ਤੇ ਹੋਏ ਵਿਰੋਧ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਸਨਮਾਨ ਅਤੇ ਸਮਾਨਤਾ ਦਿਵਾਉਣ ਲਈ ਵਿਸ਼ਵ ਪੱਧਰ 'ਤੇ ਮੁਹਿੰਮ ਚਲਾਈ ਹੈ। ਉਨ੍ਹਾਂ ਕਿਹਾ, "ਮੈਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀਆਂ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਮੈਂ ਸਪੱਸ਼ਟ ਤੌਰ 'ਤੇ ਕਹਿੰਦਾ ਹਾਂ ਕਿ ਨਾ ਤਾਂ ਮੈਂ ਕਿਸੇ ਔਰਤ ਦਾ ਅਪਮਾਨ ਕੀਤਾ ਹੈ, ਅਤੇ ਨਾ ਹੀ ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਸੀ।"

ਰਾਮਦੇਵ ਨੇ ਕਿਹਾ ਕਿ ਠਾਣੇ ਵਿੱਚ ਆਯੋਜਿਤ ਸਮਾਗਮ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ 'ਤੇ ਆਧਾਰਿਤ ਸੀ, ਪਰ ਇੱਕ ਘੰਟੇ ਦੇ ਭਾਸ਼ਣ ਵਿੱਚੋਂ ਉਸ ਦੀ ਕੁਝ ਸਕਿੰਟਾਂ ਦੀ ਇੱਕ ਵੀਡੀਓ ਕਲਿੱਪ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਰਾਮਦੇਵ ਨੇ ਕਿਹਾ, "ਮੇਰੇ ਕੋਲ ਮਾਂ ਸ਼ਕਤੀ ਦਾ ਸਭ ਤੋਂ ਵੱਧ ਸਤਿਕਾਰ ਹੈ। ਮੇਰੀ ਟਿੱਪਣੀ ਸਾਦੇ ਕੱਪੜਿਆਂ ਲਈ ਸੀ। ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਨੂੰ ਇਸ ਦਾ ਬਹੁਤ ਦੁੱਖ ਹੈ। ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।"

ਮਹਿਲਾ ਕਮਿਸ਼ਨ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਉਹ ਇਸ ਮਾਮਲੇ ਨੂੰ 'ਬੰਦ' ਮੰਨਣਗੇ, ਪਰ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜਾਂਚ ਜ਼ਰੂਰ ਕੀਤੀ ਜਾਵੇਗੀ।ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਠਾਣੇ ਵਿੱਚ ਔਰਤਾਂ ਲਈ ਆਯੋਜਿਤ ਯੋਗਾ ਸਿਖਲਾਈ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਮਦੇਵ ਨੇ ਕਿਹਾ ਸੀ, "ਔਰਤਾਂ ਸਾੜ੍ਹੀਆਂ ਵਿੱਚ ਚੰਗੀਆਂ ਲੱਗਦੀਆਂ ਹਨ, ਉਹ ਸਲਵਾਰ ਸੂਟ ਵਿੱਚ ਵੀ ਚੰਗੀ ਲੱਗਦੀਆਂ ਹਨ, ਅਤੇ ਜੇਕਰ ਉਹ ਕੁਝ ਵੀ ਨਾ ਪਹਿਨਣ ਤਾਂ ਵੀ ਚੰਗੀਆਂ ਲੱਗਦੀਆਂ ਹਨ।" ਰਾਮਦੇਵ ਦੀ ਇਸ ਟਿੱਪਣੀ ਦੀ ਵਿਆਪਕ ਨਿੰਦਾ ਹੋਈ ਸੀ। ਮਹਾਰਾਸ਼ਟਰ ਸੂਬੇ ਦੀ ਮਹਿਲਾ ਕਮਿਸ਼ਨ ਨੇ ਵੀ ਇਸ 'ਤੇ ਰਾਮਦੇਵ ਨੂੰ ਨੋਟਿਸ ਜਾਰੀ ਕੀਤਾ ਸੀ।