ਅਸੀਂ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ: ਰਖਿਆ ਮੰਤਰੀ ਰਾਜਨਾਥ ਸਿੰਘ
ਕਿਹਾ, ਦੇਸ਼ ਦੇ ਨੌਜਵਾਨ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਦੇ ਸਮਰੱਥ
ਨਵੀਂ ਦਿੱਲੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿਚ ਸੁਪਰ ਪਾਵਰ ਬਣਨ ਦੀ ਸੰਭਾਵਨਾ ਹੈ ਅਤੇ ਇਸ ਲਈ ਸਿਖਿਆ, ਸਿਹਤ ਅਤੇ ਉਦਯੋਗ ਦੇ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਦੀ ਲੋੜ ਹੈ। ਇਸ ਦੌਰਾਨ, ਉਨ੍ਹਾਂ ਨੇ ਦੇਸ਼ ਦੇ ਗੌਰਵਮਈ ਇਤਿਹਾਸ ਬਾਰੇ ਦਸਿਆ, ਜਿਸ ਵਿਚ ਆਰੀਆ ਭੱਟ ਵਰਗੇ ਪ੍ਰਾਚੀਨ ਵਿਗਿਆਨੀਆਂ ਦੀਆਂ ਮਹਾਨ ਖੋਜਾਂ ਸ਼ਾਮਲ ਹਨ।
ਆਈਆਈਐਮ ਰਾਂਚੀ ਦੇ ਆਨਲਾਈਨ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਭਾਰਤ ਦੇ ਅਮੀਰ ਯੋਗਦਾਨ ਬਾਰੇ ਵਿਚਾਰ-ਵਟਾਂਦਰੇ ਕਰਦਿਆਂ ਕਿਹਾ ਕਿ ਆਰੀਆ ਭੱਟ ਨੇ ਜਰਮਨ ਦੇ ਖਗੋਲ ਵਿਗਿਆਨੀ ਕੋਪਰਨਿਕਸ ਤੋਂ ਇਕ ਹਜ਼ਾਰ ਸਾਲ ਪਹਿਲਾਂ ਧਰਤੀ ਦੇ ਗੋਲ ਆਕਾਰ ਅਤੇ ਇਸ ਦੇ ਧੁਰੇ ਉੱਤੇ ਚੱਕਰ ਲਗਾਉਣ ਦੀ ਪੁਸ਼ਟੀ ਕੀਤੀ ਸੀ।
ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ। ਦੇਸ਼ ਨੂੰ ਸੁਪਰ ਪਾਵਰ ਬਣਾਉਣ ਲਈ ਸਾਨੂੰ ਸਿਖਿਆ, ਸਿਹਤ ਅਤੇ ਉਦਯੋਗ ਆਦਿ ਦੇ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਦੀ ਲੋੜ ਹੈ। ਇਨ੍ਹਾਂ ਖੇਤਰਾਂ ਵਿਚ ਸੰਭਾਵਨਾ ਸਾਡੇ ਦੇਸ਼ ਦੀ ਪਹੁੰਚ ਦੇ ਅੰਦਰ ਹਨ। ਅਜੇ ਤਕ ਇਸ ਦੀ ਪੂਰੀ ਵਰਤੋਂ ਨਹੀਂ ਕੀਤੀ ਗਈ ਹੈ। ਰਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਉਹ ਖੋਜ, ਪੜਤਾਲ ਅਤੇ ਵਿਚਾਰ ਦੀ ਮਦਦ ਨਾਲ ਉਨ੍ਹਾਂ ਨੂੰ ਮੌਕਿਆਂ ਵਿਚ ਬਦਲ ਸਕਦੇ ਹਨ।
ਵਿਦਿਆਰਥੀਆਂ ਨੂੰ ‘ਨਿਊ ਇੰਡੀਆ’ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਆਧੁਨਿਕ ਸਿਖਿਆ ਉਨ੍ਹਾਂ ਨੂੰ ਦੇਸ਼ ਦੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈਣ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਇਹ ਗਿਆਨ ਦੇ ਨਵੇਂ ਮਿਆਰ ਤੈਅ ਕਰਦਾ ਹੈ। ਸਿੰਘ ਨੇ ਕਿਹਾ ਕਿ ਆਧੁਨਿਕ ਸਿਖਿਆ ਇਕ ਸ਼ਾਨਦਾਰ ਇਤਿਹਾਸ ਤੋਂ ਪ੍ਰੇਰਨਾ ਲੈਣ ਵਿਚ ਰੁਕਾਵਟ ਨਹੀਂ ਬਣ ਸਕਦੀ। ਵਿਗਿਆਨ ਪੜ੍ਹਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਰੱਬ ਨੂੰ ਨਹੀਂ ਮੰਨਦੇ।