BJP MP ਜਨਾਰਦਨ ਮਿਸ਼ਰਾ ਦਾ ਬਿਆਨ, 'ਮੈਂ 15 ਲੱਖ ਦੇ ਭ੍ਰਿਸ਼ਟਾਚਾਰ ਨੂੰ ਭ੍ਰਿਸ਼ਟਾਚਾਰ ਨਹੀਂ ਮੰਨਦਾ’
ਮੱਧ ਪ੍ਰਦੇਸ਼ ਦੇ ਰੀਵਾ ਤੋਂ ਭਾਜਪਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਰੀਵਾ ਤੋਂ ਭਾਜਪਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਭ੍ਰਿਸ਼ਟਾਚਾਰ ਬਾਰੇ ਗੱਲ ਕਰ ਰਹੇ ਹਨ। ਉਹ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਕਹਿ ਰਹੇ ਹਨ ਕਿ ਜੇਕਰ ਸਰਪੰਚ 15 ਲੱਖ ਰੁਪਏ ਤੱਕ ਦਾ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਹ ਉਸ ਦੀ ਸ਼ਿਕਾਇਤ ਲੈ ਕੇ ਉਸ ਕੋਲ ਨਾ ਜਾਣ, ਹਾਂ ਉਸ ਤੋਂ ਵੱਧ ਦੇ ਘਪਲੇ 'ਤੇ ਗੱਲ ਹੋ ਸਕਦੀ ਹੈ।
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਦਾ ਇਹ ਵੀਡੀਓ ਰੀਵਾ ਦੇ ਇੱਕ ਪ੍ਰੋਗਰਾਮ ਦਾ ਹੈ। ਵਾਇਰਲ ਵੀਡੀਓ 'ਚ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਕਹਿੰਦੇ ਹਨ, 'ਲੋਕ ਸਰਪੰਚ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹਨ। ਮੈਂ ਉਹਨਾਂ ਨੂੰ ਮਜ਼ਾਕ ਵਿਚ ਕਹਿੰਦਾ ਹਾਂ ਕਿ ਉਸ (ਸਰਪੰਚ) ਨੇ 15 ਲੱਖ ਦਾ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਇਸ ਲਈ ਭਰਾ ਸਾਡੇ ਨਾਲ ਗੱਲ ਨਾ ਕਰੋ। ਜੇਕਰ ਉਹ 15 ਲੱਖ ਤੋਂ ਵੱਧ ਕਰ ਰਿਹਾ ਹੈ ਤਾਂ ਇਹ ਭ੍ਰਿਸ਼ਟਾਚਾਰ ਹੈ’।
ਜਨਾਰਦਨ ਮਿਸ਼ਰਾ ਨੇ ਆਪਣੇ ਬਿਆਨ ਨੂੰ ਜਾਇਜ਼ ਠਹਿਰਾਉਣ ਲਈ ਤਰਕ ਦਿੰਦਿਆਂ ਕਿਹਾ ਕਿ 7 ਲੱਖ ਤਾਂ ਉਸ (ਸਰਪੰਚ) ਨੇ ਪਿਛਲੀਆਂ ਚੋਣਾਂ ਵਿਚ ਖਰਚ ਕੀਤੇ ਸਨ। ਅਗਲੀਆਂ ਚੋਣਾਂ ਵਿਚ 7 ਲੱਖ ਰੁਪਏ ਖਰਚ ਕੀਤੇ ਜਾਣਗੇ। ਜੇਕਰ ਮਹਿੰਗਾਈ ਵਧਦੀ ਹੈ ਤਾਂ ਇੱਕ ਲੱਖ ਹੋਰ ਜੋੜ ਲਓ। 15 ਲੱਖ ਹੋ ਗਏ।
ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਜਨਾਰਦਨ ਮਿਸ਼ਰਾ ਨੇ ਕੋਈ ਵਿਵਾਦਤ ਬਿਆਨ ਦਿੱਤਾ ਹੋਵੇ, ਕਰੀਬ ਇਕ ਮਹੀਨਾ ਪਹਿਲਾਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ।