75 ਸਾਲ ਦੀ ਸੇਲਵੱਮਾ ਸੋਲਰ ਪੱਖੇ ਦੀ ਮਦਦ ਨਾਲ ਭੁੰਨਦੀ ਹੈ ਛੱਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸੋਲਰ ਪੱਖੇ ਨੇ ਸੇਲਵੱਮਾ ਦੀ ਜਿੰਦਗੀ ਬਹੁਤ ਅਸਾਨ ਕਰ ਦਿਤੀ ਹੈ।

solar-powered fan

ਬੈਂਗਲੁਰੂ : ਕਰਨਾਟਕਾ ਦੇ ਬੈਂਗਲੁਰੂ ਵਿਚ ਛੱਲੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੀ 75 ਸਾਲਾਂ ਸੇਲਵੱਮਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਦਾ ਕਾਰਨ ਹੈ ਉਸ ਦਾ ਵਖਰੇ ਅਤੇ ਆਧੁਨਿਕ ਤਰੀਕੇ ਨਾਲ ਚਲਣ ਵਾਲਾ ਸਟਾਲ। ਪਿਛਲੇ ਦੋ ਦਹਾਕਿਆਂ ਤੋਂ ਬੈਂਗਲੁਰੂ ਵਿਧਾਨ ਸਭਾ ਦੇ ਬਾਹਰ ਛੱਲੀ ਵੇਚ ਕੇ ਕਮਾਈ ਕਰਨ ਵਾਲੀ ਸੇਲਵੱਮਾ ਛੱਲੀਆਂ ਭੁੰਨਣ ਲਈ ਹਮੇਸ਼ਾ ਪੱਖੀਆਂ ਤੋਂ ਕੰਮ ਲੈਂਦੀ ਸੀ।

ਇਸ ਨਾਲ ਮਿਹਨਤ ਵੀ ਬਹੁਤ ਲਗਦੀ ਸੀ ਅਤੇ ਕੋਲਾ ਵੀ ਬਹੁਤ ਖਰਚ ਹੁੰਦਾ ਸੀ। ਹਰ ਦਿਨ ਸੰਘਰਸ਼ ਦੇ ਬਾਵਜੂਦ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਨਾ ਹੀ ਕਿਸੇ ਦੀ ਮਦਦ ਲਈ। ਅਜਿਹੇ ਵਿਚ ਉਹਨਾਂ ਦੀ ਮਦਦ ਲਈ ਸਵੈ-ਸੇਵੀ ਸੰਸਥਾ ਸੇਲਕੋ ਫਾਉਂਡੇਸ਼ਨ ਸਾਹਮਣੇ ਆਈ। ਇਹ ਸਵੈ ਸੇਵੀ ਸੰਸਥਾ ਸਥਾਈ ਊਰਜਾ ਲਈ ਹੱਲ ਕੱਢਣ ਦੀ ਦਿਸ਼ਾ ਵਿਚ ਕੰਮ ਕਰਦੀ ਹੈ।

ਸੇਲਕੋ ਨੇ ਜਦ ਸੇਲਵੱਮਾ ਨੂੰ ਹਰ ਦਿਨ ਸੰਘਰਸ਼ ਕਰਦਿਆਂ ਦੇਖਿਆ ਤਾਂ ਉਹਨਾਂ ਨੇ ਉਸ ਦੀ ਮਦਦ ਕਰਨ ਦਾ ਫ਼ੈਸਲਾ ਲਿਆ। ਸੇਲਕੋ ਫਾਉਂਡੇਸ਼ਨ ਨੇ ਉਸ ਨੂੰ ਇਕ ਸੋਲਰ ਪੱਖਾ ਦਿਤਾ ਹੈ। ਇਸ ਸੋਲਰ ਪੱਖੇ ਨੇ ਸੇਲਵੱਮਾ ਦੀ ਜਿੰਦਗੀ ਬਹੁਤ ਅਸਾਨ ਕਰ ਦਿਤੀ ਹੈ। ਹੁਣ ਉਹਨਾਂ ਨੂੰ ਦਿਨ ਭਰ ਹੱਥ ਵਾਲਾ ਪੱਖਾ ਝੱਲਣ ਦੀ ਲੋੜ ਨਹੀਂ ਹੈ।

ਇਹ ਸੋਲਰ ਪੱਖਾ ਸੂਰਜ ਡੁੱਬਣ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਸ ਕਾਰਨ ਕੋਲੇ ਦੀ ਖਪਤ ਵੀ ਘੱਟ ਹੋ ਗਈ ਹੈ। ਦੱਸ ਦਈਏ ਕਿ ਸੂਰਜੀ ਊਰਜਾ ਭਾਰਤ ਲਈ ਸਥਾਈ ਊਰਜਾ ਦਾ ਇਕ ਅਸਾਨ ਹੱਲ ਹੈ। ਜੇਕਰ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਹੋਰਨਾਂ ਲਈ ਵੀ ਲਾਭਕਾਰੀ ਹੋਵੇਗੀ।