ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਨੇ ਨੌਜਵਾਨਾਂ ‘ਚ ਭਰਿਆ ਜੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇ ਅਸੀਂ ਹੁਣ ਪਿੱਛੇ ਹਟ ਗਏ ਤਾਂ ਸਾਰੀ ਉਮਰ ਖੜ੍ਹੇ ਨਹੀਂ ਹੋ ਸਕਾਂਗੇ-  ਨਵਦੀਪ

Navdeep Singh and Others

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਕੂਚ ਕਰਨ ਸਮੇਂ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੇ ਵਾਟਰ ਕੈਨਨ ਦਾ ਮੂੰਹ  ਮੋੜਨ ਵਾਲੇ ਨਵਦੀਪ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਇਕ ਵੀਡੀਓ ਸੰਦੇਸ਼ ਜ਼ਰੀਏ ਨਵਦੀਪ ਨੇ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਅਪਣੇ ਟਰੈਕਟਰ ਲੈ ਕੇ ਦੁਬਾਰਾ ਬਾਰਡਰ ‘ਤੇ ਪਹੁੰਚਣ।

ਉਹਨਾਂ ਕਿਹਾ ਜੇ ਹੁਣ ਅਸੀਂ ਪਿੱਛੇ ਹਟ ਗਏ ਤਾਂ ਸਾਰੀ ਉਮਰ ਖੜ੍ਹੇ ਨਹੀਂ ਹੋ ਸਕਾਂਗੇ। ਨਵਦੀਪ ਨੇ ਕਿਹਾ ਪਹਿਲਾਂ ਤਾਂ ਇਕ ਮੇਲਾ ਸੀ, ਅਸਲ ਅੰਦੋਲਨ ਹੁਣ ਸ਼ੁਰੂ ਹੋਇਆ ਹੈ। ਹੁਣ ਪਤਾ ਲੱਗੇਗਾ ਕਿ ਅਸਲ ਵਿਚ ਕੌਣ ਨਾਲ ਖੜ੍ਹਾ ਹੈ। ਉਹਨਾਂ ਕਿਹਾ ਸਰਕਾਰ ਨੂੰ ਅਪਣੀ ਤਾਕਤ ਦਿਖਾਉਣ ਲਈ ਹਰੇਕ ਪਿੰਡ ਵਿਚੋਂ ਟਰੈਕਟਰ ਜਾਂ ਹੋਰ ਵਾਹਨ ਦਿੱਲੀ ਭੇਜੇ ਜਾਣ ਤਾਂ ਜੋ ਪਹਿਲਾਂ ਵਰਗਾ ਮਾਹੌਲ ਕਾਇਮ ਕੀਤਾ ਜਾ ਸਕੇ।  

ਨਵਦੀਪ ਨੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਕਿਹਾ ਕਿ ਇਹ ਇਕ ਹੋ ਕੇ ਚੱਲਣ ਦਾ ਵੇਲਾ ਹੈ। ਜੇਕਰ ਅਸੀਂ ਇਕੱਠੇ ਹੋ ਕੇ ਡਟਾਂਗੇ ਤਾਂ ਹਰ ਹਾਲ ਵਿਚ ਜਿੱਤ ਹਾਸਲ ਕਰਾਂਗੇ। ਇਸ ਦੇ ਨਾਲ ਹੀ ਨਵਦੀਪ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ, ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਬਾਰਡਰਾਂ ‘ਤੇ ਮਾਹੌਲ ਬਿਲਕੁਲ ਠੀਕ ਹੈ।

ਨਵਦੀਪ ਦੇ ਇਕ ਸਾਥੀ ਨੇ ਕਿਹਾ ਕਿ ਇਹ ਸਮਾਂ ਘਰਾਂ ਵਿਚ ਬੈਠਣ ਦਾ ਨਹੀਂ ਬਲਕਿ ਮੈਦਾਨ ਵਿਚ ਆਉਣ ਦਾ ਹੈ। ਉਹਨਾਂ ਨੇ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਸਾਰੇ ਬਿਨਾਂ ਦੇਰੀ ਕਿਤੇ ਦਿੱਲੀ ਬਾਰਡਰਾਂ ‘ਤੇ ਪਹੁੰਚਣ।